ਪਟਿਆਲਾ : ਪਟਿਆਲਾ ਤੋਂ ਸੰਸਦ ਮੈਂਬਰ ਸ਼੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਹਰ ਵਰਗ ਨਾਲ 2017 ਦੀਆਂ ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਹੈ। ਸੰਸਦ ਮੈਂਬਰ, ਪੰਜਾਬ ਸਰਕਾਰ ਵੱਲੋਂ ਨਵੇਂ ਗਠਿਤ, ਬ੍ਰਾਹਮਣ ਭਲਾਈ ਬੋਰਡ ਦੇ ਨਵ-ਨਿਯੁਕਤ ਚੇਅਰਮੈਨ ਐਡਵੋਕੇਟ ਪੰਡਿਤ ਸ਼ੇਖਰ ਸ਼ੁਕਲਾ ਨੂੰ ਇਸ ਬੋਰਡ ਦਾ ਪਹਿਲਾ ਚੇਅਰਮੈਨ ਬਣਾਏ ਜਾਣ ‘ਤੇ, ਬ੍ਰਾਹਮਣ ਸਭਾ ਪਟਿਆਲਾ ਵੱਲੋਂ ਕਰਵਾਏ ਧੰਨਵਾਦੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਇਸ ਮੌਕੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ‘ਤੇ ਸਮੁੱਚੇ ਪੰਜਾਬ ਵਾਸੀਆਂ ਤੇ ਸਮੁੱਚੀ ਲੋਕਾਈ ਨੂੰ ਵਧਾਈਆਂ ਦਿੱਤੀਆਂ।
ਸ਼੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਬ੍ਰਾਹਮਣ ਸਮਾਜ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਪੂਰੇ ਬ੍ਰਾਹਮਣ ਸਮਾਜ ਦੀਆਂ ਮੰਗਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਬ੍ਰਾਹਮਣ ਸਮਾਜ ਵੱਲੋਂ ਲੰਮੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਬ੍ਰਾਹਮਣ ਸਮਾਜ ਦੀ ਭਲਾਈ ਲਈ ਇੱਕ ਬੋਰਡ ਦਾ ਗਠਨ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਮੰਗ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਡਿਤ ਸ਼ੇਖਰ ਸ਼ੁਕਲਾ ਨੂੰ ਇਸ ਦਾ ਚੇਅਰਮੈਨ ਲਗਾਇਆ ਹੈ। ਸੰਸਦ ਮੈਂਬਰ ਨੇ ਕਿਹਾ ਕਿ ਪੰਜਾਬ ਸਰਕਾਰ ਬ੍ਰਾਹਮਣ ਸਮਾਜ ਦੀ ਬਿਹਤਰੀ ਲਈ ਹਮੇਸ਼ਾ ਹੀ ਯਤਨ ਕਰਦੀ ਰਹੇਗੀ।
ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਬ੍ਰਾਹਮਣ ਸਮਾਜ ਤੋਂ ਹਮੇਸ਼ਾ ਹੀ ਪੰਜਾਬ ਦੀ ਭਲਾਈ ਲਈ ਬਹੁਤ ਵਧੀਆ ਸੁਝਾਓ ਆਉਂਦੇ ਹਨ, ਜਿਨ੍ਹਾਂ ਨੂੰ ਲਾਗੂ ਕਰ ਕੇ ਪੰਜਾਬ ਸਰਕਾਰ ਨੇ ਸੂਬੇ ਦੇ ਹਰ ਵਰਗ ਦੀ ਬਿਹਤਰੀ ਲਈ ਠੋਸ ਸਕੀਮਾਂ ਉਲੀਕੀਆਂ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਬੇਸ਼ੱਕ ਸਾਰੇ ਭਾਈਚਾਰਿਆਂ ਦਾ ਇੱਕ ਸਾਂਝਾ ਗੁਲਦਸਤਾ ਹੈ ਪਰੰਤੂ ਬ੍ਰਾਹਮਣ ਸਮਾਜ ਦੇ ਮੈਂਬਰਾਂ ਨੇ ਹਮੇਸ਼ਾ ਉਨ੍ਹਾਂ ਦੇ ਪਰਿਵਾਰ ਨਾਲ ਇੱਕ ਪਰਿਵਾਰਕ ਮੈਂਬਰ ਦੀ ਤਰ੍ਹਾਂ ਹੀ ਵਰਤਕੇ ਸਾਥ ਦਿੱਤਾ ਹੈ।
ਸ਼੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਨੋਟਬੰਦੀ, ਜੀ.ਐਸ.ਟੀ. ਤੇ ਕੇਂਦਰ ਦੇ ਪੰਜਾਬ ਪ੍ਰਤੀ ਮਾੜੇ ਰਵੱਈਏ ਦੇ ਨਾਲ-ਨਾਲ ਕੋਰੋਨਾ ਮਹਾਂਮਾਰੀ ਨੇ ਪਹਿਲਾਂ ਹੀ ਪਿਛਲੇ 10 ਸਾਲਾਂ ਤੋਂ ਮਾੜੀ ਚੱਲੀ ਆ ਰਹੀ ਸੂਬੇ ਦੀ ਆਰਥਿਕਤਾ ‘ਤੇ ਸੱਟ ਮਾਰੀ ਸੀ ਪਰੰਤੂ ਇਸ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਨੇ ਸੁਚੱਜੀ ਅਗਵਾਈ ਦਿੰਦਿਆਂ ਪੰਜਾਬ ਦੇ ਹਰ ਵਰਗ ਦੀ ਭਲਾਈ ਕੀਤੀ ਤੇ ਹਰ ਹਲਕੇ ਅੰਦਰ ਬਿਨ੍ਹਾਂ ਕਿਸੇ ਵਿਤਕਰੇ ਦੇ ਵਿਕਾਸ ਕਾਰਜ ਕਰਵਾਏ ਹਨ।
ਇਸ ਮੌਕੇ ਬ੍ਰਾਹਮਣ ਭਲਾਈ ਬੋਰਡ ਦੇ ਚੇਅਰਮੈਨ ਐਡਵੋਕੇਟ ਪੰਡਿਤ ਸ਼ੇਖਰ ਸ਼ੁਕਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੀਮਤੀ ਪ੍ਰਨੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਇਸ ਬੋਰਡ ਦਾ ਗਠਨ ਹੋ ਸਕਿਆ ਅਤੇ ਪੰਜਾਬ ‘ਚ ਭਗਵਾਨ ਸ੍ਰੀ ਪਰਸ਼ੂ ਰਾਮ ਜੀ ਦੇ ਜਨਮ ਦਿਨ ਦੀ ਛੁੱਟੀ ਕੀਤੀ ਜਾਣ ਲੱਗੀ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਦੇ ਵਿਸ਼ੇਸ਼ ਧੰਨਵਾਦੀ ਹਨ, ਜਿਨ੍ਹਾਂ ਨੇ ਆਪਣਾ ਕੀਤਾ ਵਚਨ ਤੇ ਵਾਅਦਾ ਪੂਰਾ ਕਰਕੇ ਬ੍ਰਾਹਮਣ ਸਮਾਜ ਦੀ ਭਲਾਈ ਲਈ ਇਸ ਬੋਰਡ ਦਾ ਗਠਨ ਕੀਤਾ ਹੈ।
ਇਸ ਦੌਰਾਨ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਤੇ ਪੰਜਾਬ ਕਾਂਗਰਸ ਵਪਾਰ ਸੈਲ ਦੇ ਵਾਈਸ ਚੇਅਰਮੈਨ ਅਤੁਲ ਜੋਸ਼ੀ ਨੇ ਵੀ ਸੰਬੋਧਨ ਕੀਤਾ। ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੀਮਤੀ ਪ੍ਰਨੀਤ ਕੌਰ ਦਾ ਧੰਨਵਾਦ ਕਰਦਿਆਂ ਬ੍ਰਾਹਮਣ ਸਭਾ ਪਟਿਆਲਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਜਿਕਰ ਕਰਦਿਆਂ ਬ੍ਰਾਹਮਣ ਭਲਾਈ ਬੋਰਡ ਬਣਾਏ ਜਾਣ ਬਾਬਤ ਜਾਣਕਾਰੀ ਦਿੱਤੀ।
ਇਸ ਮੌਕੇ ਸੂਚਨਾ ਕਮਿਸ਼ਨਰ ਅੰਮ੍ਰਿਤਪ੍ਰਤਾਪ ਸਿੰਘ ਸੇਖੋਂ, ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਰਜੇਸ਼ ਸ਼ਰਮਾ, ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸੀਨੀਅਰ ਵਾਈਸ ਚੇਅਰਪਰਸਨ ਬਿਮਲਾ ਸ਼ਰਮਾ, ਇੰਚਾਰਜ ਬ੍ਰਾਹਮਣ ਸਭਾ ਪੰਜਾਬ ਪ੍ਰਦੀਪ ਮੈਨਨ, ਜਨਰਲ ਸੈਕਟਰੀ ਬ੍ਰਾਹਮਣ ਸਭਾ ਪੰਜਾਬ ਲਖਪਤ ਰਾਏ ਪ੍ਰਭਾਕਰ, ਪਰਸ਼ੂਰਾਮ ਬ੍ਰਾਹਮਣ ਸਭਾ ਦੇ ਜ਼ਿਲ੍ਹਾ ਪ੍ਰਧਾਨ ਸ਼ਿਵ ਕੁਮਾਰ ਸ਼ਰਮਾ, ਸਵਰਾਜ ਚੰਦ ਕੌਸ਼ਲ, ਡਾ. ਆਰ.ਸੀ. ਸ਼ਰਮਾ, ਅਜੈ ਸ਼ਰਮਾ, ਬਲਦੇਵ ਸ਼ਰਮਾ, ਬ੍ਰਜੇਸ਼ਵਰ ਪ੍ਰਸ਼ਾਦ ਸ਼ਰਮਾ, ਮਾਸਟਰ ਨੰਦ ਲਾਲ, ਹਰਵਿੰਦਰ ਸ਼ੁਕਲਾ, ਨਿਖਿਲ ਬਾਤਿਸ਼ ਸ਼ੇਰੂ, ਹੈਪੀ ਸ਼ਰਮਾ, ਵਿਕਰਮ ਸ਼ਰਮਾ, ਛੱਜੂ ਸ਼ਰਮਾ, ਰਜਨੀ ਸ਼ਰਮਾ, ਵਿਪਨ ਸ਼ਰਮਾ ਮੋਨੂ, ਸੰਜੀਵ ਸ਼ਰਮਾ ਰਾਏਪੁਰ, ਰਾਜੀਵ ਸ਼ਰਮਾ, ਰਾਜਿੰਦਰ ਸ਼ਰਮਾ, ਲਖਪਤ ਰਾਏ, ਵਿਸ਼ੇਸ਼ਰ ਪ੍ਰਸਾਦ, ਸੋਹਨ ਲਾਲ, ਐਸ.ਕੇ. ਬਾਤਿਸ਼, ਦਵਿੰਦਰ ਅੱਤਰੀ, ਧਰਮਦੇਵ ਸ਼ਰਮਾ, ਅਸ਼ੋਕ ਰੌਣੀ, ਕੇ.ਪੀ ਸ਼ਰਮਾ, ਡਾ. ਬੀ.ਐਲ. ਭਾਰਦਵਾਜ, ਐਡਵੋਕੇਟ ਸੁਸ਼ੀਲ ਸ਼ਰਮਾ, ਹਰਸ਼ ਭਾਰਦਵਾਜ ਸਮੇਤ ਹੋਰ ਪਤਵੰਤੇ ਮੌਜੂਦ ਸਨ।