ਹੁਸ਼ਿਆਰਪੁਰ : ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਵਲੋਂ ਅੱਜ ਰਾਸ਼ਟਰੀ ਖੇਡ ਦਿਵਸ ’ਤੇ ਹੁਸ਼ਿਆਰਪੁਰ ਸਮਾਰਟ ਬਾਇਕਸ ਪ੍ਰੋਜੈਕਟ ਦੀ ਸ਼ੁਰੂਆਤ ਕਰਕੇ ਹੁਸ਼ਿਆਰਪੁਰ ਨੂੰ ਮੈਟਰੋ ਸਿਟੀਜ਼ ਦੇ ਬਰਾਬਰ ਖੜ੍ਹਾ ਕਰ ਦਿੱਤਾ ਗਿਆ ਹੈ। ਵੱਡੇ-ਵੱਡੇ ਮਹਾਂਨਗਰਾਂ ਵਿਚ ਚੱਲਣ ਵਾਲੇ ਇਸ ਪ੍ਰੋਜੈਕਟ ਨੂੰ ਅੱਜ ਕੈਬਨਿਟ ਮੰਤਰੀ ਅਰੋੜਾ ਦੀ ਦੂਰਅੰਦੇਸ਼ੀ ਸੋਚ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੀ ਗਈ ਪਹਿਲ ਕਾਰਨ ਅਮਲੀਜਾਮਾ ਪਹਿਨਾਇਆ ਗਿਆ ਹੈ। ਅੱਜ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰਦੇ ਹੋਏ ਉਦਯੋਗ ਮੰਤਰੀ ਨੇ ਕਿਹਾ ਕਿ ਹੁਸ਼ਿਆਰਪੁਰ ਵਿਚ ਨੌਜਵਾਨਾਂ ਅਤੇ ਹੋਰ ਉਮਰ ਵਰਗ ਦੇ ਲੋਕਾਂ ਨੇ ਸਾਈਕਲਿੰਗ ਪ੍ਰਤੀ ਜੋ ਰੁਝਾਨ ਦਿਖਾਇਆ ਹੈ, ਉਸ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਪ੍ਰੋਜੈਕਟ ਨੂੰ ਲਾਂਚ ਕੀਤਾ ਗਿਆ ਹੈ।
ਇਸ ਦੌਰਾਨ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਸਾਈਕਲ ਰੈਲੀ ਦਾ ਵੀ ਆਯੋਜਨ ਕੀਤਾ ਗਿਆ ਹੈ, ਜਿਸ ਵਿਚ ਕੈਬਨਿਟ ਮੰਤਰੀ, ਮੇਅਰ, ਡਿਪਟੀ ਕਮਿਸ਼ਨਰ ਤੋਂ ਇਲਾਵਾ ਹੋਰ ਅਧਿਕਾਰੀਆਂ ਅਤੇ ਸਾਈਕਲਿਸਟਾਂ ਵਲੋਂ ਹਿੱਸਾ ਲਿਆ ਗਿਆ। ਇਸ ਤੋਂ ਪਹਿਲਾਂ ਇਸ ਪ੍ਰੋਜੈਕਟ ਤੇ ਸਮਾਰਟ ਬਾਇਕਸ ਦੀਆਂ ਵਿਸ਼ੇਸ਼ਤਾਵਾਂ ਸਬੰਧੀ ਵੀਡੀਓਜ਼ ਵੀ ਲੋਕਾਂ ਨੂੰ ਦਿਖਾਈ ਗਈ।
ਉਦਯੋਗ ਤੇ ਵਣਜ ਮੰਤਰੀ ਨੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੂੰ ਰਾਸ਼ਟਰੀ ਖੇਡ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਕਈ ਮੈਟ੍ਰ੍ਰੋ ਸਿਟੀਜ਼ ਵਿਚ ਇਸ ਤਰ੍ਹਾਂ ਦੇ ਪ੍ਰੋਜੈਕਟ ਚਲ ਰਹੇ ਹਨ, ਜਿਸ ਨੂੰ ਦੇਖ ਕੇ ਮਨ ਵਿਚ ਖਿਆਲ ਆਇਆ ਹੈ ਕਿ ਹੁਸ਼ਿਆਰਪੁਰ ਵਿਚ ਲੋਕਾਂ ਲਈ ਵੀ ਇਸ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿਚ ਲੋਕਾਂ ਦੀ ਫਿਟਨੈਸ ਪ੍ਰਤੀ ਜਾਗਰੂਕਤਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਸ਼ਹਿਰ ਵਾਸੀਆਂ ਨੂੰ 50 ਲੱਖ ਰੁਪਏ ਦੀ ਲਾਗਤ ਵਾਲਾ ਸਮਾਰਟ ਬਾਇਕਸ ਦਾ ਤੋਹਫ਼ਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਸਿਆਰਪੁਰ ਵਿਚ ਸਾਈਕਲਿਸਟ ਲਈ ਬਹੁਤ ਚੰਗਾ ਮਾਹੌਲ ਹੈ, ਇਹੀ ਕਾਰਨ ਹੈ ਕਿ ਦੂਸਰੇ ਜ਼ਿਲਿ੍ਹਆਂ ਦੇ ਸਾਈਕਲਿਸਟ ਵੀ ਹੁਸ਼ਿਆਰਪੁਰ ਸਾਈਕਲਿੰਗ ਕਰਨ ਆਉਂਦੇ ਹਨ।
ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਹਮੇਸ਼ਾਂ ਹੀ ਇਹ ਯਤਨ ਰਿਹਾ ਹੈ ਕਿ ਨੌਜਵਾਨਾਂ ਨੂੰ ਸਿਹਤ ਪ੍ਰਤੀ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾਵੇ। ਇਸ ਲਈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨੌਜਵਾਨਾਂ ਨੂੰ ਕਸਰਤ ਅਤੇ ਖੇਡਾਂ ਪ੍ਰਤੀ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਰਟ ਬਾਇਕ ਬਹੁਤ ਮਹਿੰਗੇ ਹੁੰਦੇ ਹਨ, ਜੋ ਕਿ ਹਰ ਕੋਈ ਖਰੀਦ ਨਹੀਂ ਸਕਦਾ। ਇਸ ਲਈ ਇਸ ਪ੍ਰੋਜੈਕਟ ਰਾਹੀਂ ਸਾਰਿਆਂ ਨੂੰ ਵਾਜ਼ਬ ਭਾਅ ’ਤੇ ਇਸ ਤਰ੍ਹਾਂ ਦੇ ਬਾਇਕ ਚਲਾਉਣ ਦਾ ਮੌਕਾ ਮਿਲੇਗਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਵੱਧ ਤੋਂ ਵੱਧ ਖੇਡਾਂ ਵੱਲ ਧਿਆਨ ਦੇਣ, ਕਿਉਂਕਿ ਨੌਜਵਾਨੀ ਸਿਹਤਮੰਦ ਹੋਵੇਗੀ ਤਾਂ ਹੀ ਇਕ ਮਜ਼ਬੂਤ ਸਮਾਜ ਦੀ ਕਲਪਨਾ ਕੀਤੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਦੇ ਮੇਨ ਗੇਟ ਤੋਂ ਬਾਹਰ ਤਿੰਨ ਸਾਈਕਲ ਸਟੈਂਡ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਮਾਰਟ ਬਾਇਕ ਚਲਾਉਣ ਲਈ YAANA ਨਾਮ ਦਾ ਇਕ ਵਿਸ਼ੇਸ਼ ਐਪ ਇਜਾਦ ਕੀਤਾ ਗਿਆ ਹੈ ਜੋ ਕਿ ਕਿਸੇ ਵੀ ਸਮਾਰਟ ਫੋਨ ’ਤੇ ਡਾਊਨਲੋਡ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਐਪ ਰਾਹੀਂ ਆਨਲਾਈਨ ਪੇਮੈਂਟ ਕਰਕੇ ਸਮਾਰਟ ਬਾਇਕ ’ਤੇ ਲੱਗੇ ਕਿਊ. ਆਰ ਕੋਡ ਨੂੰ ਸਕੈਨ ਕਰਕੇ ਬਾਇਕ ਦਾ ਤਾਲਾ ਖੁੱਲ੍ਹ ਜਾਵੇਗਾ ਅਤੇ ਲੋਕ ਇਸ ਬਾਇਕ ਦੀ ਰਾਈਡ ਦਾ ਆਨੰਦ ਲੈ ਸਕਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰੋਜੇਕਟ ਦਾ ਉਦੇਸ਼ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਕੇ ਸਾਈਕÇਲੰਗ ਪ੍ਰਤੀ ਪ੍ਰੇਰਿਤ ਕਰਨਾ ਹੈ, ਜਿਸ ਨਾਲ ਜਿਥੇ ਉਹ ਫਿਟ ਰਹਿਣਗੇ, ਉਥੇ ਸਾਈਕÇਲੰਗ ਦਾ ਰੁਝਾਨ ਵੱਧਣ ਨਾਲ ਵਾਤਾਵਰਣ ਵੀ ਸਾਫ਼ ਹੋਵੇਗਾ।
ਅਪਨੀਤ ਰਿਆਤ ਨੇ ਦੱਸਿਆ ਕਿ ਸਮਾਰਟ ਬਾਇਕ ਚਲਾਉਣ ਲਈ ਵਾਜਬ ਭਾਅ ’ਤੇ ਵੱਖ-ਵੱਖ ਮੈਂਬਰਸ਼ਿਪ ਪਲਾਨ ਹਨ ਜੋ ਕਿ ਮੋਬਾਇਲ ਐਪ ’ਤੇ ਦਿੱਤੇ ਗਏ ਹਨ, ਜਿਸ ਨੂੰ ਲੋਕ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਇਸਤੇਮਾਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜਨਤਾ ਲਈ ਇਹ ਪ੍ਰੋਜੈਕਟ 1 ਸਤੰਬਰ ਤੋਂ ਸ਼ੁਰੂ ਹੋਵੇਗਾ, ਇਸ ਤੋਂ ਪਹਿਲਾਂ ਲੋਕ ਆਪਣੇ ਸਮਾਰਟ ਫੋਨ ’ਤੇ YAANA ਮੋਬਾਇਲ ਐਪ ਡਾਊਨਲੋਡ ਕਰਕੇ ਆਪਣੀ ਰਜਿਸਟਰੇਸ਼ਨ ਕਰਵਾ ਲੈਣ।
ਸਾਈਕਲ ਟਰੈਕ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇਹ 8.25 ਕਿਲੋਮੀਟਰ ਲੰਬਾ ਟਰੈਕ ਹੈ ਜੋ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਮੇਨ ਗੇਟ ਤੋਂ ਹੁੰਦਾ ਹੋਇਆ, ਸਦਰ ਥਾਣਾ ਚੌਕ ਚੰਡੀਗੜ੍ਹ ਰੋਡ ਹੁੰਦੇ ਹੋਏ ਖੇਤੀ ਭਵਨ, ਇੰਦਰਾ ਕਲੋਨੀ ਚੌਕ ਤੋਂ ਹੁੰਦੇ ਹੋਏ ਰਿੰਗ ਰੋਡ ਬਾਈਪਾਸ ਤੋਂ ਰਾਧਾ ਸੁਆਮੀ ਸਤਿਸੰਗ ਘਰ ਟੀ-ਪੁਆਇੰਟ ਤੋਂ ਬੁਲਾਂਵਾੜੀ ਚੌਕ, ਸਰਵਿਸਜ਼ ਕਲੱਬ ਤੋਂ ਵਾਪਸ ਜ਼ਿਲ੍ਹਾ ਪ੍ਰੀਸ਼ਦ ਦੇ ਮੇਨ ਗੇਟ ਦੇ ਬਾਹਰ ਬਣੇ ਸ਼ੈਡ ’ਤੇ ਜਾ ਕੇ ਸਮਾਪਤ ਹੋਵੇਗਾ।
ਉਨ੍ਹਾਂ ਸਪੱਸ਼ਟ ਕੀਤਾ ਕਿ ਹਰ ਰਾਈਡ ਸਾਈਕਲ ਸਟੈਂਡ ’ਤੇ ਆ ਕੇ ਸਮਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਭੂਗੋਲਿਕ ਦ੍ਰਿਸ਼ਟੀ ਤੋਂ ਹੁਸਿਆਰਪੁਰ ਸਾਈਕਲਿਸਟ ਦੀ ਪਹਿਲੀ ਪਸੰਦ ਹੈ ਕਿਉਂਕਿ ਇਹ ਮੈਦਾਨੀ, ਅਰਧ ਪਹਾੜੀ ਤੇ ਵਣ ਖੇਤਰ ਵੀ ਹੈ, ਜਿਸ ਦੇ ਚੱਲਦੇ ਹੋਏ ਦੂਸਰੇ ਜ਼ਿਲਿ੍ਹਆਂ ਤੋਂ ਵੀ ਸਾਈਕਲਿਸਟ ਅਕਸਰ ਹੁਸ਼ਿਆਰਪੁਰ ਆਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਲੋਕਾਂ ਦੀ ਮੰਗ ਅਨੁਸਾਰ ਅਤੇ ਸਮਾਰਟ ਬਾਈਕਸ ਵੀ ਲਿਆਂਦੇ ਜਾਣਗੇ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਵੱਖ-ਵੱਖ ਵਾਰਡਾਂ ਦੇ ਕੌਂਸਲਰ, ਐਸ.ਡੀ.ਐਮ. ਹੁਸ਼ਿਆਰਪੁਰ ਸ਼ਿਵ ਰਾਜ ਸਿੰਘ ਬਲ, ਡੀ.ਐਸ.ਪੀ. ਗੁਰਪ੍ਰੀਤ ਸਿੰਘ, ਡੀ.ਐਸ.ਪੀ. ਜਗਦੀਸ਼ ਰਾਜ ਅੱਤਰੀ, ਤਹਿਸੀਲਦਾਰ ਹਰਮਿੰਦਰ ਸਿੰਘ, ਡੀ.ਡੀ.ਐਫ. ਪਿਊਸ਼ ਗੋਇਲ, ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ, ਐਕਸੀਅਨ ਲੋਕ ਨਿਰਮਾਣ ਰਜਿੰਦਰ ਗੋਤਰਾ, ਐਸ.ਡੀ.ਓ. ਗੁਰਮੀਤ ਸਿੰਘ, ਐਡਵੋਕੇਟ ਨਵੀਨ ਜੈਰਥ, ਪਰਮਜੀਤ ਸਿੰਘ ਸਚਦੇਵਾ, ਫਿਟ ਸਾਈਕਲਿੰਗ ਲਾਈਫ ਦੇ ਸਾਈਕਲਿਸਟ, ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।