ਲੁਧਿਆਣਾ: ਇਥੇ ਇਕ ਡਾਕਟਰ ਨੂੰ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਨੇ 20 ਸਾਲ ਦੀ ਕੈਦ ਅਤੇ 15 ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਡਾਕਟਰ ਪੱਖੋਵਾਲ ਰੋਡ ‘ਤੇ ਸਥਿਤ ਇੱਕ ਕਲੀਨਕ ਚਲਾਉਂਦਾ ਸੀ। ਵਧੀਕ ਸੈਸ਼ਨ ਜੱਜ ਕੇ.ਕੇ ਜੈਨ ਦੀ ਅਦਾਲਤ ਨੇ 14 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਲੀਲ ਪਿੰਡ ਸੁਧਾਰ ਦੇ ਰਹਿਣ ਵਾਲੇ ਡਾਕਟਰ ਤਪਿੰਦਰ ਸਿੰਘ ਨੂੰ ਦੋਸ਼ੀ ਠਹਿਰਾਇਆ ਹੈ। ਡਾਕਟਰ ਨੂੰ ਇਹ ਸਜ਼ਾ 9ਵੀਂ ਜਮਾਤ ਦੀ ਵਿਦਿਆਰਥਣ ਨਾਲ ਬਲਾਤਕਾਰ ਕਰਨ ਦੇ ਦੋਸ਼ ਲਈ ਸੁਣਾਈ ਗਈ ਹੈ।
ਸਰਕਾਰੀ ਵਕੀਲ ਰਾਜਬੀਰ ਸਿੰਘ ਚਾਹਲ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਥਾਣਾ ਸੁਧਾਰ ਵੱਲੋਂ 30 ਅਗਸਤ 2018 ਨੂੰ ਪੀੜਤਾ ਦੀ ਸ਼ਿਕਾਇਤ ‘ਤੇ ਮੁਲਜ਼ਮ ਡਾਕਟਰ ਵਿਰੁੱਧ ਜਬਰ ਜਨਾਹ ਕਰਨ ਅਤੇ ਹੋਰਨਾਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਪੀੜਤਾ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ‘ਚ ਦੋਸ਼ ਲਾਇਆ ਸੀ ਕਿ ਉਹ 14 ਸਾਲਾਂ ਦੀ ਹੈ ਅਤੇ 9ਵੀਂ ਕਲਾਸ ਦੀ ਵਿਦਿਆਰਥਣ ਹੈ ਅਤੇ ਉਸ ਦੇ ਬੀਮਾਰ ਹੋਣ ਕਾਰਨ ਉਸ ਦਾ ਇਲਾਜ ਉਕਤ ਡਾਕਟਰ ਵੱਲੋਂ ਉਸ ਦੇ ਰਾਜ ਕਲੀਨਿਕ ਵਿਖੇ ਬੀਤੇ 3 ਦਿਨ ਤੋਂ ਕੀਤਾ ਜਾ ਰਿਹਾ ਸੀ।ਸ਼ਿਕਾਇਤਕਰਤਾ ਮੁਤਾਬਕ ਬੀਤੇ ਜਦੋਂ ਉਹ ਆਪਣੇ ਮਾਤਾ-ਪਿਤਾ ਨਾਲ ਮੁਲਜ਼ਮ ਡਾਕਟਰ ਦੇ ਕਲੀਨਿਕ ‘ਤੇ ਗਲੂਕੋਜ਼ ਲਗਵਾਉਣ ਗਈ ਤਾਂ ਮੁਲਜ਼ਮ ਉਸ ਨੂੰ ਆਪਣੇ ਨਾਲ ਅੰਦਰ ਲੈ ਗਿਆ, ਜਿੱਥੇ ਉਸ ਦੀ ਮਾਂ ਨੇ ਵੀ ਅੰਦਰ ਜਾਣ ਦਾ ਯਤਨ ਕੀਤਾ ਤਾਂ ਮੁਲਜ਼ਮ ਡਾਕਟਰ ਨੇ ਮਨ੍ਹਾ ਕਰ ਦਿੱਤਾ।
ਸ਼ਿਕਾਇਤਕਰਤਾ ਮੁਤਾਬਕ ਅੰਦਰ ਲਿਜਾ ਕੇ ਜਦੋਂ ਮੁਲਜ਼ਮ ਡਾਕਟਰ ਨੇ ਜਾਂਚ ਦੇ ਬਹਾਨੇ ਉਸ ਨਾਲ ਗਲਤ ਹਰਕਤ ਕਰਨੀ ਸ਼ੁਰੂ ਕੀਤੀ ਤਾਂ ਜਦੋਂ ਉਸ ਨੇ ਮਨ੍ਹਾ ਕੀਤਾ ਤਾਂ ਮੁਲਜ਼ਮ ਡਾਕਟਰ ਨੇ ਉਸ ਨੂੰ ਧਮਕਾਇਆ ਕਿ ਜੇਕਰ ਉਸ ਨੇ ਰੌਲਾ ਪਾਇਆ ਤਾਂ ਉਹ ਉਸ ਨੂੰ ਜ਼ਹਿਰ ਦਾ ਇੰਜੈਕਸ਼ਨ ਲਗਾ ਕੇ ਉਸ ਨੂੰ ਜਾਨੋਂ ਮਾਰ ਦੇਵੇਗਾ, ਜਿਸ ‘ਤੇ ਉਹ ਡਰ ਦੇ ਮਾਰੇ ਚੁੱਪ ਹੋ ਗਈ ਅਤੇ ਮੁਲਜ਼ਮ ਨੇ ਉਸ ਦੀ ਇੱਛਾ ਦੇ ਵਿਰੁੱਧ ਉਸ ਨਾਲ ਜਬਰ ਜਨਾਹ ਕੀਤਾ । ਪੀੜਤਾ ਨੇ ਘਰ ਜਾ ਕੇ ਆਪਣੀ ਮਾਂ ਨੂੰ ਡਾਕਟਰ ਉਕਤ ਹਰਕਤ ਬਾਰੇ ਦੱਸ ਦਿੱਤਾ ਸੀ।