ਪਟਿਆਲਾ : ਪਟਿਆਲਾ ਵਿਚ 15 ਅਗਸਤ ਦੇ ਮੱਦੇਨਜ਼ਰ ਕੀਤੀ ਜਾ ਰਹੀ ਚੈਕਿੰਗ ਦੌਰਾਨ ਇਕ ਕਾਰ ਚਾਲਕ ਨੇ ਪੁਲਿਸ ਮੁਲਾਜ਼ਮ 'ਤੇ ਕਾਰ ਚੜਾ ਦਿੱਤੀ | ਡੀ.ਐੱਸ.ਪੀ. ਸਿਟੀ ਹੇਮੰਤ ਸ਼ਰਮਾ ਦਾ ਕਹਿਣਾ ਹੈ ਕਿ ਕਾਰ ਨੂੰ ਟਰੇਸ ਕਰ ਲਿਆ ਗਿਆ ਹੈ ਅਤੇ ਹੋਰ ਜਾਂਚ ਜਾਰੀ ਹੈ | ਦਰਅਸਲ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਨਾਕੇ ਤੋਂ ਗੱਡੀ ਭਜਾਉਣ ਅਤੇ ਨੰਬਰ ਪਲੇਟ ਨਾ ਲਗਾਉਣ ਦੇ ਦੋਸ਼ ’ਚ ਜੋਬਨਪ੍ਰੀਤ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਪਿੰਡ ਧਰਮਹੇੜੀ ਥਾਣਾ ਪਸਿਆਣਾ ਅਤੇ ਪਿਆਰਾ ਸਿੰਘ ਵਾਸੀ ਪਿੰਡ ਘਿਓਰਾ ਥਾਣਾ ਸਦਰ ਪਟਿਆਲਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਏ. ਐੱਸ. ਆਈ. ਜਸਬੀਰ ਸਿੰਘ ਪੁਲਿਸ ਪਾਰਟੀ ਸਮੇਤ ਸਿਵਲ ਲਾਈਨ ਚੌਂਕ ਵਿਖੇ ਮੌਜੂਦ ਸਨ, ਜਿੱਥੇ ਲੀਲਾ ਭਵਨ ਵੱਲੋਂ 2 ਗੱਡੀਆਂ ਆਈਆਂ। ਇਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਅਗਲੀ ਗੱਡੀ ਦਾ ਡਰਾਈਵਰ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਕੱਟ ਮਾਰ ਕੇ ਨਾਕੇ ਤੋਂ ਗੱਡੀ ਭਜਾ ਕੇ ਲੈ ਗਿਆ, ਜਿਸ ਦੀ ਨੰਬਰ ਪਲੇਟ ’ਤੇ ‘ਨਾਗਿਨੀ’ ਲਿਖਿਆ ਹੋਇਆ ਸੀ। ਜਿਸ ਦੌਰਾਨ ASI ਸੂਬਾ ਸਿੰਘ ਦੇ ਕਾਫ਼ੀ ਸੱਟਾਂ ਲੱਗੀਆਂ ਤੇ ਖੱਬੇ ਪੈਰ ਦੀ ਹੱਡੀ ਟੁੱਟ ਗਈ ਉਹਨਾਂ ਨੂੰ ਪਟਿਆਲਾ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਦੋਂ ਪਿਛਲੀ ਗੱਡੀ ਨੂੰ ਰੋਕਿਆ ਤਾਂ ਉਸ ਦੀ ਨੰਬਰ ਪਲੇਟ ’ਤੇ ਵੀ ‘ਨਾਗਿਨੀ’ ਲਿਖਿਆ ਹੋਇਆ ਸੀ, ਜਿਸ ਦੇ ਡਰਾਈਵਰ ਨੇ ਆਪਣਾ ਨਾਂ ਜੋਬਨਪ੍ਰੀਤ ਸਿੰਘ ਦੱਸਿਆ। ਜਿਹੜਾ ਡਰਾਈਵਰ ਗੱਡੀ ਭਜਾ ਕੇ ਲੈ ਗਿਆ, ਉਸ ਦਾ ਨਾ ਪਿਆਰਾ ਸਿੰਘ ਦੱਸਿਆ। ਪੁਲਿਸ ਨੇ ਦੋਹਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।