ਚਾਂਗਚੁਨ : ਚੀਨ ਦੇ ਜਿਲਿਨ ਸੂਬੇ ਵਿਚ ਸ਼ਨੀਵਾਰ ਨੂੰ ਇਕ ਗੋਦਾਮ ਵਿਚ ਅੱਗ ਲੱਗਣ ਕਾਰਨ ਘੱਟੋ ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ 26 ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਸਥਾਨਕ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦਿੱਤੀ। ਅਧਿਕਾਰੀਆਂ ਅਨੁਸਾਰ ਇਹ ਹਾਦਸਾ ਜਿਲਿਨ ਸੂਬੇ ਦੀ ਰਾਜਧਾਨੀ ਚਾਂਗਚੁਨ ਵਿੱਚ ਜਿਨਗਿਊ ਹਾਈ-ਟੈਕ ਉਦਯੋਗਿਕ ਵਿਕਾਸ ਜ਼ੋਨ ਵਿੱਚ ਇੱਕ ਰਸਦ ਗੋਦਾਮ ਵਿੱਚ ਵਾਪਰਿਆ। ਸਰਕਾਰੀ ਨਿਊਜ਼ ਏਜੰਸੀ ਸ਼ਿਨਹੂਆ ਦੇ ਅਨੁਸਾਰ ਅੱਗ ਲੱਗਣ ਨਾਲ 14 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ 26 ਜ਼ਖਮੀਆਂ ਵਿਚੋਂ 12 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅੱਗ ‘ਤੇ ਕਾਬੂ ਪਾਉਣ ਲਈ ਯਤਨ ਜਾਰੀ ਹਨ ਅਤੇ ਅਧਿਕਾਰੀ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।