ਧਰਮਕੋਟ : ਧਰਮਕੋਟ ਤੋਂ ਥੋੜ੍ਹੀ ਦੂਰ ਜਲੰਧਰ ਬਾਈਪਾਸ ਟੋਲ ਪਲਾਜ਼ੇ ਕੋਲ ਰੰਜਿਸ਼ ਕਾਰਨ ਹਥਿਆਰਬੰਦ ਨੌਜਵਾਨਾਂ ਵੱਲੋਂ ਗੁਰਅਵਤਾਰ ਸਿੰਘ (26) ਨਿਵਾਸੀ ਪਿੰਡ ਬਾਘੀਆਂ ਖੁਰਦ ( ਸਿੱਧਵਾਂ ਬੇਟ) ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਧਰਮਕੋਟ ਪੁਲਸ ਵੱਲੋਂ ਮਿ੍ਰਤਕ ਦੇ ਭਰਾ ਗੁਰਵਿੰਦਰ ਸਿੰਘ ਦੇ ਬਿਆਨਾਂ ਤੇ ਸੰਜੀਵ ਨਿਵਾਸੀ ਪਿੰਡ ਭੂਰੇਵਾਲਾ, ਧਨੀ ਧਰਮਕੋਟ, ਜਸਵੰਤ ਸਿੰਘ ਉਰਫ ਜੱਸੀ ਨਿਵਾਸੀ ਪਿੰਡ ਭੋਡੀ ਵਾਲਾ ਬਸਤੀ ਭਾਟੇ ਕੀ, ਗੁਰਪ੍ਰੀਤ ਗੋਸ਼ੀ ਨਿਵਾਸੀ ਪਿੰਡ ਸ਼ੇਰਪੁਰ ਤਾਇਬਾਂ, ਸੁਨੀਲ, ਕਾਲੀ ਦੋਨੋਂ ਨਿਵਾਸੀ ਪਿੰਡ ਸੈਦ ਜਲਾਲਪੁਰ, ਸੋਨੀ ਨਿਵਾਸੀ ਪਿੰਡ ਸ਼ੇਰਪੁਰ ਤਾਇਬਾਂ ਤੋਂ ਇਲਾਵਾ 25/30 ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਧਰਮਕੋਟ ਦੇ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਗੁਰਵਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਨਿਵਾਸੀ ਪਿੰਡ ਬਾਘੀਆਂ ਖੁਰਦ ਨੇ ਦੱਸਿਆ ਕਿ ਉਹ ਮਿਹਨਤ ਮਜਦੂਰੀ ਦਾ ਕੰਮ ਕਰਦਾ ਹੈ। ਬੀਤੀ 22 ਜੁਲਾਈ ਦੀ ਸ਼ਾਮ ਨੂੰ ਜਦ ਮੈਂ ਆਪਣੇ ਘਰ ਵਿਚ ਮੌਜੂਦ ਸੀ ਤਾਂ ਦੋਸ਼ੀ ਸੰਜੀਵ ਨਿਵਾਸੀ ਪਿੰਡ ਬੂੜੇਵਾਲ ਢਾਣੀ ਨੇੜੇ ਬੰਨ੍ਹ ਦਰਿਆ ਸਤਲੁਜ ਮੇਰੇ ਭਰਾ ਗੁਰਅਵਤਾਰ ਸਿੰਘ ਨੂੰ ਨਾਲ ਲੈ ਕੇ ਕਮਾਲਕੇ ਵੱਲ ਆਇਆ, ਉਸ ਨੇ ਮੇਰੇ ਭਰਾ ਨੂੰ ਕਿਹਾ ਕਿ ਆਪਾਂ ਟੋਲ ਪਲਾਜ਼ਾ ਸ਼ਾਹਕੋਟ-ਧਰਮਕੋਟ ਕੋਲ ਜਸਵੰਤ ਸਿੰਘ ਉਰਫ ਜੱਸੀ ਨਿਵਾਸੀ ਬਸਤੀ ਭਾਟੇ ਕੀ ਪਿੰਡ ਭੋਡੀਵਾਲਾ ਨਾਲ ਗੱਲ ਕਰਕੇ ਆਉਣੀ ਹੈ, ਜੋ ਸਾਨੂੰ ਧਮਕੀਆਂ ਦਿੰਦਾ ਹੈ, ਮੈਨੂੰ ਸ਼ੱਕ ਹੋਣ ਤੇ ਮੈਂ ਵੀ ਉਨ੍ਹਾਂ ਦੇ ਮਗਰ ਆ ਗਿਆ, ਜਦੋਂ ਉਹ ਟੋਲ ਪਲਾਜ਼ਾ ਕੋਲ ਪੁੱਜੇ ਤਾਂ ਉਥੇ ਦੂਸਰੇ ਦੋਸ਼ੀ ਵੀ ਹਥਿਆਰਾਂ ਨਾਲ ਲੈਸ ਮੌਜੂਦ ਸਨ, ਜੋ ਧਮਕੀਆਂ ਦੇ ਰਹੇ ਸਨ। ਇਸ ਦੌਰਾਨ ਦੋਸ਼ੀ ਜਸਵੰਤ ਸਿੰਘ ਜੱਸੀ ਨੇ ਮੇਰੇ ਭਰਾ ਗੁਰਅਵਤਾਰ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾਈ, ਜੋ ਉਸ ਦੇ ਸਿਰ ਵਿੱਚ ਵੱਜੀ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਗੋਲੀਆਂ ਚੱਲਣ ਕਾਰਨ ਮੈਂ ਡਰਦਾ ਮੌਕੇ ਤੋਂ ਭੱਜ ਆਇਆ ਅਤੇ ਸਾਰੀ ਗੱਲ ਦੱਸੀ ਉਸ ਨੇ ਕਿਹਾ ਕਿ ਦੋਸ਼ੀ ਸਾਡੇ ਪਿੰਡ ਵਿੱਚ ਮਾੜੀਆਂ ਹਰਕਤਾਂ ਕਰਦੇ ਸੀ, ਜਿਸ ਨੂੰ ਅਸੀਂ ਰੋਕਦੇ ਸੀ ਇਸੇ ਰੰਜਿਸ਼ ਕਾਰਨ ਉਨ੍ਹਾਂ ਨੇ ਮੇਰੇ ਭਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਥਾਣਾ ਧਰਮਕੋਟ ਦੇ ਮੁੱਖ ਅਫਸਰ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਸ ਘਟਨਾਕਰਮ ਦੀ ਸਚਾਈ ਜਲਦੀ ਹੀ ਲੋਕਾਂ ਸਾਹਮਣੇ ਲਿਆਂਦੀ ਜਾਵੇਗੀ।
ਹੋਰ ਖ਼ਬਰਾਂ ਲਈ ਇਥੇ ਕਲਿਕ ਕਰੋ