ਨਵਾਂ ਸ਼ਹਿਰ : ਦਾਜ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਵਾਲੇ ਪਤੀ ਦੇ ਖਿਲਾਫ਼ ਪੁਲਿਸ ਥਾਣਾ ਸਦਰ ਨਵਾਂਸ਼ਹਿਰ ਵਿਖੇ ਮਾਮਲਾ ਦਰਜ ਕੀਤੇ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਬੀਤੀ 24 ਮਈ 2021 ਨੂੰ ਦਿੱਤੀ ਦਰਖਾਸਤ ਵਿਚ ਬਲਜੀਤ ਕੌਰ ਪੁੱਤਰੀ ਅਮਰੀਕ ਸਿੰਘ ਵਾਸ ਪਿੰਡ ਮਜਾਰਾ ਕਲਾਂ ਥਾਣਾ ਸਦਰ ਨਵਾਂਸ਼ਹਿਰ ਨੇ ਦੱਸਿਆ ਸੀ ਕਿ ਦੋ ਸਾਲ ਪਹਿਲਾਂ ਮਿਤੀ 14 ਫਰਵਰੀ 2019 ਨੂੰ ਉਸ ਦਾ ਵਿਆਹ ਪੂਰਨ ਗੁਰ ਮਰਿਆਦਾ ਅਨੁਸਾਰ ਅਮਨਦੀਪ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਬਸੀ ਮਰੂਫ ਸਿਆਲਾ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਹੋਇਆ ਸੀ। ਵਿਆਹ ਮੌਕੇ ਉਸ ਦੇ ਮਾਪਿਆਂ ਨੇ ਦਰਖਾਸਤੀ ਦੇ ਸਹੁਰਾ ਪਰਿਵਾਰ ਨੂੰ 03 ਲੱਖ ਰੁਪਏ ਦਾਜ ਲਈ ਦਿੱਤੇ ਸਨ। ਵਿਆਹ ਤੋਂ ਕੁੱਝ ਸਮਾਂ ਬਾਅਦ ਹੀ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਹੋਰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨ ਲੱਗਿਆ। ਉਸ ਦਾ ਪਤੀ ਅਮਨਦੀਪ ਸਿੰਘ ਉਸ ਨੂੰ ਕਾਰ ਖਰੀਦਣ ਲਈ ਅਤੇ ਜਿੰਮ ਖੋਲ੍ਹਣ ਲਈ ਆਪਣੇ ਮਾਪਿਆਂ ਤੋਂ ਹੋਰ ਪੈਸੇ ਲਿਆਉਣ ਲਈ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਗ ਪ੍ਰੇਸ਼ਾਨ ਕਰਦਾ ਸੀ। ਸ਼ਿਕਾਇਤ ਦੀ ਪੜਤਾਲ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਕੀਤੀ ਗਈ। ਪੜਤਾਲ ਰਿਪੋਰਟ ਅਨੁਸਾਰ ਦਰਖਾਸਤੀ ਦੇ ਪਤੀ ਅਮਨਦੀਪ ਸਿੰਘ ਉਕਤ ਨੂੰ ਦੋਸ਼ੀ ਪਾਏ ਜਾਣ ’ਤੇ ਏਐਸਆਈ ਬਿਕਰਮ ਸਿੰਘ ਵਲੋਂ ਉਸ ਦੇ ਖਿਲਾਫ਼ ਧਾਰਾ 498 - ਏ ਦੇ ਤਹਿਤ ਮਾਮਲਾ ਦਰਜ ਕਰਕੇ ਮੁੱਢਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਮੁਲਜ਼ਮ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਮਾਮਲਾ ਜ਼ੇਰੇ ਤਫਤੀਸ਼ ਹੈ।