ਬੀਜਿੰਗ : ਚੀਨ ਵਿਚ ਇਕ ਨਿਰਮਾਣ ਅਧੀਨ ਸੁਰੰਗ ਵਿਚ ਹੜ੍ਹ ਆਉਣ ਅਤੇ ਧੱਸਣ ਨਾਲ 3 ਮਜ਼ਦੂਰਾਂ ਦੀ ਮੌਤ ਹੋ ਗਈ ਜਦੋਂਕਿ 11 ਮਜ਼ਦੂਰ ਅਜੇ ਵੀ ਫਸੇ ਹੋਏ ਹਨ। ਇਹ ਕਰਮਚਾਰੀ ਸ਼ਿਜਿੰਗਸ਼ਾਨ ਸੁਰੰਗ ਵਿਚੋਂ ਪਾਣੀ ਕੱਢਣ ਦਾ ਕੰਮ ਵੀ ਕਰਦੇ ਸਨ। ਇਹ ਸੁਰੰਗ ਜਲ ਭੰਡਾਰ ਦੇ ਹੇਠਾਂ ਬਣਾਈ ਜਾ ਰਹੀ ਸੀ ਜੋ ਗਵਾਂਗਡੋਂਗ ਸੂਬੇ ਦੇ ਝੂਹਾਏ ਸ਼ਹਿਰ ਵਿਚ ਹਾਈਵੇਅ ਦਾ ਹਿੱਸਾ ਹੈ। ਇਹ ਸਥਾਨ ਹਾਂਗਕਾਂਗ ਅਤੇ ਮਕਾਊ ਦੇ ਕਰੀਬ ਹੈ। ਫਸੇ ਹੋਏ ਮਜ਼ਦੂਰਾਂ ਨੂੰ ਕੱਢਣ ਦਾ ਕੰਮ ਚੱਲ ਰਿਹਾ ਹੈ ਅਤੇ ਗੋਤਾਖੋਰਾਂ ਅਤੇ ਰੋਬੋਟ ਦੀ ਮਦਦ ਨਾਲ ਬਚਾਅ ਮੁਹਿੰਮ ਨੂੰ ਚਲਾਇਆ ਜਾ ਰਿਹਾ ਹੈ। ਹਾਲਾਂਕਿ ਸੁਰੰਗ ਦੇ ਕੰਮ ਵਿਚ ਵਰਤੇ ਜਾਣ ਵਾਲੇ ਉਪਕਰਣਾਂ ਵਿਚੋਂ ਕਾਰਬਨ ਮੋਨੋ ਆਕਸਾਈਡ ਦਾ ਧੂੰਆਂ ਨਿਕਲਣ ਕਾਰਨ ਬਚਾਅ ਕੰਮ ਵਿਚ ਰੁਕਾਵਟ ਆ ਰਹੀ ਹੈ। ਹਾਦਸੇ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗਾ ਹੈ।