ਅਮਰੀਕਾ 'ਚ ਭਾਰਤੀ ਚੀਜ਼ਾ ਹੋਣਗੀਆਂ ਮਹਿੰਗੀਆਂ
|
ਨਵੀਂ ਦਿੱਲੀ : ਦਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ 5 ਜੂਨ ਤੋਂ ਭਾਰਤ ਨੂੰ ਅਪਣੀ ਜਨਰਲਾਈਜ਼ਡ ਸਿਸਟਮ ਆਫ਼ ਪ੍ਰੈਫਰੈਂਸ (ਜੀਐੱਸਪੀ) ਮਤਲਬ ਕਿ ਵਪਾਰਕ ਪ੍ਰਮੁੱਖਤਾ ਸੂਚੀ ਵਿਚੋਂ ਕੱਢ ਦਿਤਾ ਹੈ।
ਅਮਰੀਕਾ ਦੀ ਇਸ ਵਪਾਰਕ ਸੂਚੀ ਵਿਚ 120 ਦੇਸ਼ ਸ਼ਾਮਲ ਸਨ ਅਤੇ ਪਿਛਲੇ ਸਾਲ ਭਾਰਤ ਇਸ ਦਾ ਸਭ ਤੋਂ ਵੱਡਾ ਫ਼ਾਇਦਾ ਲੈਣ ਵਾਲਾ ਦੇਸ਼ ਸੀ। ਭਾਰਤ ਨੇ 2018 ਵਿਚ ਅਮਰੀਕਾ ਨੂੰ 630 ਕਰੋੜ ਡਾਲਰ ਮੁੱਲ ਦੇ ਉਤਪਾਦਾਂ ਨੂੰ ਬਰਾਮਦ ਕੀਤਾ, ਜਿਸ 'ਤੇ ਉਸ ਨੂੰ ਬਹੁਤ ਘੱਟ ਡਿਊਟੀ ਟੈਕਸ ਦੇਣਾ ਪਿਆ। ਹੁਣ ਇਹ ਛੂਟ ਅਮਰੀਕਾ ਨੇ ਖ਼ਤਮ ਕਰ ਦਿਤੀ ਹੈ, ਇਸ ਦੇ ਨਾਲ ਹੀ ਕਈ ਭਾਰਤੀ ਵਸਤੂਆਂ ਹੁਣ ਅਮਰੀਕਾ ਵਿਚ ਮਹਿੰਗੀਆਂ ਹੋ ਜਾਣਗੀਆਂ।
ਭਾਰਤ ਤੋਂ ਅਮਰੀਕੀ ਬਾਜ਼ਾਰਾਂ ਲਈ ਬਰਾਮਦ ਹੋਣ ਵਾਲੇ ਜਿਹੜੇ ਉਤਪਾਦਾਂ 'ਤੇ ਹੁਣ 11 ਫ਼ੀ ਸਦੀ ਤਕ ਡਿਊਟੀ ਟੈਕਸ ਲੱਗੇਗਾ, ਉਨ੍ਹਾਂ ਵਿਚ ਆਟੋ ਪਾਰਟਸ, ਖਾਦ ਸਮੱਗਰੀ, ਗਹਿਣੇ ਅਤੇ ਚਮੜੇ ਦੇ ਸਮਾਨ ਹੋਣਗੇ। ਇਸ ਡਿਊਟੀ ਟੈਕਸ ਦਾ ਭਾਰ ਭਾਰਤੀ ਕੰਪਨੀਆਂ ਨੂੰ ਤਾਂ ਚੁੱਕਣਾ ਹੀ ਪਵੇਗਾ, ਅਮਰੀਕੀ ਕੰਪਨੀਆਂ ਨੂੰ ਵੀ ਇਸਦਾ ਨੁਕਸਾਨ ਚੁੱਕਣਾ ਪਵੇਗਾ।
ਕਿਉਂਕਿ ਭਾਰਤੀ ਉਤਪਾਦਾਂ ਦੀਆਂ ਕੀਮਤਾਂ ਵੱਧ ਜਾਣਗੀਆਂ ਅਤੇ ਇਨ੍ਹਾਂ ਉਤਪਾਦਾਂ ਨੂੰ ਅਮਰੀਕੀ ਕੰਪਨੀਆਂ ਨੂੰ ਮਹਿੰਗੀਆਂ ਕੀਮਤਾਂ 'ਤੇ ਖ਼ਰੀਦਣਾ ਪਵੇਗਾ।
ਕਾਮਰਸ ਵਿਭਾਗ ਮੁਤਾਬਕ ਫ਼ਾਰਮਾਸਿਊਟਿਕਲਸ ਐਂਡ ਸਰਜੀਕਲ ਉਤਪਾਦ ਜਿਵੇਂ ਦਵਾਈਆਂ ਆਦਿ 'ਤੇ ਜੀਐੱਸਪੀ ਤਹਿਤ ਡਿਊਟੀ ਟੈਕਸ ਵਿਚ 5.9 ਫ਼ੀ ਸਦੀ ਤਕ ਛੂਟ ਮਿਲਦੀ ਸੀ। ਚਮੜੇ ਦੇ ਉਤਪਾਦ, ਜਿਵੇਂ ਹੈਂਡ ਬੈਗ ਆਦਿ 'ਤੇ 6.1 ਫ਼ੀ ਸਦੀ ਦੀ ਛੂਟ ਮਿਲਦੀ ਸੀ। ਹੁਣ ਇਨ੍ਹਾਂ 'ਤੇ 8-10 ਫ਼ੀ ਸਦੀ ਤਕ ਡਿਊਟੀ ਟੈਕਸ ਲੱਗ ਸਕਦਾ ਹੈ।
ਪਲਾਸਟਿਕ ਦੇ ਸਮਾਨ 'ਤੇ 4.8 ਫ਼ੀਸਦ ਦੀ ਛੂਟ ਮਿਲਦੀ ਸੀ। ਛੂਟ ਖ਼ਤਮ ਹੋਣ ਤੋਂ ਬਾਅਦ ਆਟੋ ਪਾਰਟਸ 'ਤੇ 2-3 ਫ਼ੀ ਸਦੀ ਤਕ ਡਿਊਟੀ ਟੈਕਸ ਲੱਗ ਸਕਦਾ ਹੈ। ਕੈਮੀਕਲ ਉਤਪਾਦਾਂ 'ਤੇ 5-7 ਡਿਊਟੀ ਟੈਕਸ ਲੱਗ ਸਕਦਾ ਹੈ ਜਦਕਿ ਗਹਿਣੇ ਅਤੇ ਖਾਦ ਸਮੱਗਰੀ 'ਤੇ 11 ਫ਼ੀ ਸਦੀ ਤਕ ਡਿਊਟੀ ਟੈਕਸ ਲੱਗ ਸਕਦਾ ਹੈ। ਅਮਰੀਕੀ ਕੰਪਨੀਆਂ ਦੀ ਇਕ ਸੰਸਥਾ ਕੋਲੀਸ਼ਨ ਫਾਰ ਜੀਐੱਸਪੀ ਅਮਰੀਕੀ ਸਰਕਾਰ ਨੂੰ ਲਗਾਤਾਰ ਜੀਐੱਸਪੀ ਬਣਾਈ ਰੱਖਣ ਦੀ ਅਪੀਲ ਕਰਦੀ ਰਹੀ ਹੈ।
700 ਕਰੋੜ ਰੁਪਏ ਤਕ ਡਿਊਟੀ ਟੈਕਸ ਹੈ ਇਨ੍ਹਾਂ ਵਿਚੋਂ ਕਈ ਉਤਪਾਦ ਅਜਿਹੇ ਹਨ ਜਿਹੜੇ ਵਿਸ਼ੇਸ਼ ਤੌਰ 'ਤੇ ਭਾਰਤ ਤੋਂ ਦਰਾਮਦ ਕੀਤੇ ਜਾਂਦੇ ਸਨ, ਜਿਵੇਂ ਵਿਸ਼ੇਸ਼ ਖਾਦ ਸਮੱਗਰੀ, ਗਹਿਣੇ ਅਤੇ ਚਮੜੇ ਤੋਂ ਬਣਿਆ ਸਮਾਨ। ਦੈਨਦਿਨੀ ਕਹਿੰਦੇ ਹਨ ਕਿ ਖਰਚਾ ਵਧ ਜਾਣ ਨਾਲ ਕਰਮਚਾਰੀਆਂ ਦੀ ਗਿਣਤੀ ਵੀ ਘਟਾਉਣੀ ਪੈ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕੀ ਕੰਪਨੀਆਂ ਨੂੰ ਇਸ ਗੱਲ ਦੀ ਵੀ ਚਿੰਤਾ ਹੈ, ਕੀ ਭਾਰਤ ਵੀ ਇਸਦੇ ਜਵਾਬ ਵਿਚ ਡਿਊਟੀ ਟੈਕਸ ਲਗਾਵੇਗਾ। ਜੇਕਰ ਅਜਿਹਾ ਹੁੰਦਾ ਤਾਂ ਅਮਰੀਕੀ ਕੰਪਨੀਆਂ ਦੀਆਂ ਮੁਸ਼ਕਲਾਂ ਹੋਰ ਵਧ ਜਾਣਗੀਆਂ।