ਇਕ ਖ਼ਬਰ ਇਸ ਦਾਅਵੇ ਨਾਲ ਫ਼ੈਲਾਈ ਜਾ ਰਹੀ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੁਝ ਦੇਸ਼ਾਂ ਤੋਂ ਅਪਣੇ ਦੇਸ ਲਈ ਪ੍ਰਵਾਸੀਆਂ ਦੀ ਮੰਗ ਕੀਤੀ ਹੈ। ਇਹ ਅਪੀਲ ਨਾਈਜੀਰੀਆ, ਕੀਨੀਆ, ਜ਼ਿੰਮਬਾਬਵੇ, ਜ਼ਾਂਬੀਆ, ਘਾਨਾ ਤੇ ਫ਼ਿਲੀਪੀਨਜ਼ ਸਾਰਿਆਂ ਨੂੰ ਕੀਤੀ ਗਈ ਹੈ। ਇਹ ਖ਼ਬਰ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਇਹ ਸਭ ਝੂਠ ਹੈ।
ਖ਼ਬਰ ਵਿਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਪਣੇ ਨਵੇਂ ਇਮੀਗਰੇਸ਼ਨ ਪ੍ਰੋਗਰਾਮ ਦੇ ਹਿੱਸੇ ਵਜੋਂ ਦੇਸਾਂ ਤੋਂ ਇਹ ਮੰਗ ਕਰ ਰਹੇ ਹਨ। ਇਕ ਵੈਬਸਾਈਟ ਨੇ ਸੁਰਖ਼ੀ ਦਿਤੀ ਹੈ, ''ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਜ਼ਾਂਬੀਆ ਦੇ ਰਾਸ਼ਟਰਪਤੀ ਤੋਂ 10 ਲੱਖ ਪ੍ਰਵਾਸੀਆਂ ਦੀ ਮੰਗ ਕੀਤੀ ਹੈ।''
ਹਾਲਾਂਕਿ ਇਸ ਨਾਲ ਜ਼ਾਂਬੀਆ ਦੇ ਰਾਸ਼ਟਰਪਤੀ ਦੀ ਕੈਨੇਡੀਅਨ ਹਾਈ ਕਮਿਸ਼ਨਰ, ਪਾਮੇਲਾ ਨਾਲ ਹੱਥ ਮਿਲਾਉਂਦਿਆਂ ਦੀ ਜੋ ਤਸਵੀਰ ਛਾਪੀ ਗਈ ਹੈ ਉਹ ਤਾਂ ਅਸਲੀ ਹੈ, ਪਰ ਖ਼ਬਰ ਪੂਰੀ ਤਰ੍ਹਾਂ ਝੂਠੀ ਹੈ।
ਹਾਲਾਂਕਿ ਇਹ ਸਾਰੀਆਂ ਖ਼ਬਰਾਂ ਅਫ਼ਵਾਹ ਹਨ ਪਰ ਇਨ੍ਹਾਂ ਦੀ ਬੁਨਿਆਦ ਕੈਨੇਡਾ ਵਲੋਂ ਇਸੇ ਸਾਲ ਦੇ ਸ਼ੁਰੂ ਵਿਚ ਐਲਾਨੀ ਗਈ ਇਮੀਗਰੇਸ਼ਨ ਨੀਤੀ ਹੈ।
ਇਸ ਨੀਤੀ ਵਿਚ ਕਿਹਾ ਗਿਆ ਸੀ ਕਿ ਕੈਨੇਡਾ ਸਰਕਾਰ ਆਗਾਮੀ ਤਿੰਨਾਂ ਸਾਲਾਂ ਵਿਚ 10 ਲੱਖ ਇਮੀਗ੍ਰੈਂਟ ਸਦਣਾ ਚਾਹੁੰਦੀ ਹੈ। ਹਾਲਾਂਕਿ ਨੀਤੀ ਵਿਚ ਕਿਸੇ ਖ਼ਾਸ ਦੇਸ਼ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ।
ਅਪ੍ਰੈਲ ਵਿਚ ਨਾਈਜੀਰੀਆ ਵਿਚ ਅਜਿਹੀ ਹੀ ਖ਼ਬਰ ਸੋਸ਼ਲ ਮੀਡੀਆ 'ਤੇ ਹਜ਼ਾਰਾਂ ਵਾਰ ਸਾਂਝੀ ਕੀਤੀ ਗਈ। ਇਹ ਖ਼ਬਰ ਇਕ ਸੋਸ਼ਲ ਮੀਡੀਆ ਅਕਾਊਂਟ ਤੋਂ ਫੈਲਾਈ ਗਈ ਜਿਸ ਦੇ 10 ਲੱਖ ਤੋਂ ਵਧੇਰੇ ਫੌਲੋਵਰ ਸਨ।
ਨਾਈਜੀਰੀਆ ਤੇ ਕੀਨੀਆ ਵਿਚਲੇ ਕੈਨੇਡੀਅਨ ਹਾਈ ਕਮਿਸ਼ਨਾਂ ਨੇ ਲੋਕਾਂ ਨੂੰ ਕਿਸੇ ਵੀ ਝਾਂਸੇ ਵਿਚ ਨਾ ਆਉਣ ਪ੍ਰਤੀ ਸੁਚੇਤ ਕੀਤਾ ਹੈ। ਨਾਈਜੀਰੀ ਵਿਚਲੇ ਕੈਨੇਡੀਅਨ ਹਾਈ ਕਮਿਸ਼ਨ ਨੇ ਇਸ ਬਾਰੇ ਟਵੀਟ ਕੀਤਾ, ''ਜੇ ਤੁਸੀਂ ਸੋਸ਼ਲ ਮੀਡੀਆ ਤੇ ਅਜਿਹਾ ਲਿੰਕ ਦੇਖਿਆ ਹੈ ਤਾਂ, ਯਕੀਨ ਨਾ ਕਰਨਾ। ਇਹ ਖ਼ਬਰ ਸੱਚੀ ਨਹੀਂ ਹੈ।''