ਧਰਮਸ਼ਾਲਾ : ਹਿਮਾਚਲ ਵਿੱਚ ਮਾਨਸੂਨ ਦੀ ਦਸਤਕ ਨਾਲ ਜਿਥੇ ਗਰਮੀ ਤੋਂ ਰਾਹਤ ਮਿਲੀ ਉਥੇ ਹੀ ਸਥਾਨਕ ਵਾਸੀਆਂ ਦੀਆਂ ਮੁਸ਼ਕਲਾਂ ਵਿਚ ਇਜ਼ਾਫਾ ਹੋਇਆ ਹੈ। ਐਤਵਾਰ ਦੇਰ ਰਾਤ ਤੋਂ ਕਾਂਗੜਾ ਜ਼ਿਲ੍ਹੇ ਵਿੱਚ ਹੋਈ ਬਾਰਸ਼ ਕਾਰਨ ਸੈਰ-ਸਪਾਟਾ ਸ਼ਹਿਰ ਧਰਮਸ਼ਾਲਾ ਦੇ ਭਾਗਸੁਨਾਗ ਵਿੱਚ ਸੋਮਵਾਰ ਸਵੇਰੇ ਹੜ੍ਹ ਵਰਗੀ ਸਥਿਤੀ ਦੇਖਣ ਨੂੰ ਮਿਲੀ। ਜਾਣਕਾਰੀ ਅਨੁਸਾਰ ਭਾਰੀ ਬਾਰਸ਼ ਕਾਰਨ ਨਾਲਾ ਨਦੀ ਵਿਚ ਬਦਲ ਗਿਆ। ਪਾਣੀ ਦਾ ਵਹਾਅ ਐਨਾ ਤੇਜ਼ ਸੀ ਕਿ ਇਸ ਦੀ ਪਕੜ ਵਿਚ ਆਉਣ ਵਾਲੀਆਂ ਬਹੁਤ ਸਾਰੀਆਂ ਗੱਡੀਆਂ ਪਾਣੀ ਵਿਚ ਵਹਿ ਗਈਆਂ। ਭਾਰੀ ਬਾਰਸ਼ ਕਾਰਨ ਨਦੀ ਦੇ ਕਿਨਾਰੇ ਬਣੇ ਘਰਾਂ ਅਤੇ ਹੋਟਲਾਂ ਨੂੰ ਮਾਰਕੀਟ ਦਾ ਬਹੁਤ ਨੁਕਸਾਨ ਪਹੁੰਚਿਆ ਹੈ।
ਧਰਮਸ਼ਾਲਾ 'ਚ ਮੀਂਹ ਨੇ ਮਚਾਈ ਤਬਾਹੀ, ਗੱਡੀਆਂ ਹੜ੍ਹ ਗਈਆਂ ਅਤੇ ਖਦਸ਼ਾ ਹੈ ਕਿ ਪਹਾੜਾਂ 'ਤੇ ਬੱਦਲ ਫਟ ਗਿਆ ਹੈ, ਜਿਸ ਕਾਰਨ ਅਜਿਹੀ ਸਥਿਤੀ ਪੈਦਾ ਹੋ ਗਈ ਹੈ। DC ਨਿਪੁਨ ਜਿੰਦਲ ਦਾ ਕਹਿਣਾ ਹੈ ਕਿ ਅਜੇ ਬੱਦਲ ਫਟਣ ਦੀ ਪੁਸ਼ਟੀ ਨਹੀਂ ਹੋਈ ਹੈ। ਇਹ ਹੜ੍ਹ ਭਾਰੀ ਬਾਰਸ਼ ਕਾਰਨ ਆਇਆ ਹੈ। ਦੱਸਣਯੋਗ ਹੈ ਕਿ ਰਾਹਤ ਟੀਮਾਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ ਅਤੇ ਨਾਲ ਹੀ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਦਰਿਆ ਨਾਲਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।