ਜਗਰਾਓਂ : ਸਥਾਨਕ ਪਿੰਡ ਰੂਮੀ ਅਨਾਜ ਮੰਡੀ ਵਿਖੇ 8 ਸਾਲਾ ਦਲਿਤ ਲੜਕੀ ਨਾਲ ਪਿੰਡ ਦੇ ਹੀ 26 ਸਾਲਾ ਨੌਜਵਾਨ ਵੱਲੋਂ ਬਹਿਲਾ ਫੁਸਲਾ ਕੇ ਬਲਾਤਕਾਰ ਕੀਤਾ ਗਿਆ। ਪਿੰਡ ਵਾਲਿਆਂ ਦੇ ਅਤੇ ਘਰਵਾਲਿਆਂ ਦੇ ਕਹਿਣ ਮੁਤਾਬਕ 26 ਸਾਲਾ ਨੌਜਵਾਨ ਲੜਕੀ ਨੂੰ ਖੇਡਣ ਦੇ ਬਹਾਨੇ ਲੈ ਗਿਆ ਤੇ ਇਸ ਸ਼ਰਮਨਾਕ ਕਰਤੂਤ ਨੂੰ ਅੰਜਾਮ ਦਿੱਤਾ।
ਜਦੋਂ ਉਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਲੜਕੀ ਦੀ ਮਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਤੇ ਪੀੜਤ ਲੜਕੀ ਨੂੰ ਜਗਰਾਓਂ ਸਿਵਲ ਹਸਪਤਾਲ ਵਿਖੇ ਲੈ ਕੇ ਆਏ ਜਿਥੇ ਮੈਡੀਕਲ ਕਰ ਕੇ ਰਿਪੋਰਟ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ ਜਿਸ ਵਿਚ ਇਹ ਪੁਸ਼ਟੀ ਹੋਈ ਹੈ ਕਿ ਲੜਕੀ ਦਾ ਜਿਸਮਾਨੀ ਸ਼ੋਸ਼ਣ ਹੋਇਆ ਹੈ।
ਇਸ ਸਾਰੀ ਘਟਨਾ ਬਾਰੇ ਜਦੋਂ ਮੁਲਜ਼ਮ ਲੜਕੇ ਦੇ ਪਿਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਸ ਨੂੰ ਇਸ ਘਟਨਾ ਬਾਰੇ ਉਸ ਵੇਲੇ ਪਤਾ ਲੱਗਾ ਜਦੋਂ ਉਹ ਕੰਮ 'ਤੇ ਗਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਲੜਕੇ ਨੇ ਇਹ ਸਭ ਕੁੱਝ ਕੀਤਾ ਹੈ ਜਾਂ ਨਹੀਂ ਇਹ ਤਾਂ ਪੁਲਿਸ ਹੀ ਦੱਸੇਗੀ
ਪਰ ਉਸ ਦਾ ਪੁੱਤਰ ਜੋ ਕਿ ਇਕ ਸੀਮੈਂਟ ਦੀ ਦੁਕਾਨ 'ਤੇ ਕੰਮ ਕਰਦਾ ਹੈ, ਨੇ ਪਹਿਲਾਂ ਇਸ ਤਰ੍ਹਾਂ ਦਾ ਕੋਈ ਵੀ ਗੰਦਾ ਕੰਮ ਨਹੀਂ ਕੀਤਾ। ਪਰ ਹੁਣ ਜੋ ਵੀ ਸਾਹਮਣੇ ਆਇਆ ਹੈ ਉਹ ਪੁਲਿਸ ਹੀ ਦੱਸੇਗੀ। ਉਧਰ ਪੀੜਤ ਲੜਕੀ ਦੇ ਬਿਆਨਾਂ 'ਤੇ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਮੁਲਜ਼ਮ ਦੀ ਭਾਲ ਜਾਰੀ ਹੈ।