Saturday, November 23, 2024
 

ਪੰਜਾਬ

ਪਟਿਆਲਾ 'ਚ ਛੇਤੀ ਬਣੇਗੀ ਖੇਡ ਯੂਨੀਵਰਸਟੀ

June 01, 2019 04:35 PM

ਪੰਚਾਇਤ ਵਲੋਂ ਜ਼ਮੀਨ ਮੁਫ਼ਤ ਦੇਣ ਦਾ ਐਲਾਨ, ਪਿੰਡ ਦੇ ਨੌਜਵਾਨਾਂ ਨੂੰ ਮਿਲੇਗਾ ਰਾਖਵਾਂਕਰਨ

ਪਟਿਆਲਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਵਿਚ ਨਵੀਂ ਖੇਡ ਯੂਨੀਵਰਸਟੀ ਨੂੰ ਸਤੰਬਰ, 2019 ਤੋਂ ਹੀ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿਤੀ ਹੈ ਅਤੇ ਉਚੇਰੀ ਸਿਖਿਆ ਵਿਭਾਗ ਨੂੰ ਪਹਿਲੇ ਬੈਚ ਲਈ ਦਾਖ਼ਲਾ ਪ੍ਰਕਿਰਿਆ ਸ਼ੁਰੂ ਕਰਨ ਦੇ ਆਦੇਸ਼ ਵੀ ਦੇ ਦਿਤੇ ਹਨ।
   ਮੁੱਖ ਮੰਤਰੀ ਨੇ ਇਸ ਪ੍ਰਸਤਾਵਿਤ ਸੰਸਥਾ ਦਾ ਨਾਮ 'ਦਾ ਪੰਜਾਬ ਸਪੋਰਟਸ ਯੂਨੀਵਰਸਟੀ' ਵਜੋਂ ਰੱਖਣ ਦੀ ਪ੍ਰਵਾਨਗੀ ਦਿਤੀ ਜਿਸ ਦਾ ਖਰੜਾ ਮੰਤਰੀ ਮੰਡਲ ਦੀ ਅਗਲੀ ਮੀਟਿੰਗ ਵਿਚ ਪੇਸ਼ ਕੀਤਾ ਜਾਵੇਗਾ। ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਮੁਤਾਬਕ ਇਸ ਸਬੰਧ ਵਿਚ ਇਕ ਆਰਡੀਨੈਂਸ ਵੀ ਲਿਆਂਦਾ ਜਾਵੇਗਾ ਤਾਂ ਕਿ ਅਕਾਦਮਿਕ ਸੈਸ਼ਨ ਸਮੇਂ ਸਿਰ ਸ਼ੁਰੂ ਕਰਨ ਨੂੰ ਯਕੀਨੀ ਬਣਾਇਆ ਜਾ ਸਕੇ।
  ਮੁੱਖ ਮੰਤਰੀ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੂੰ ਯੂਨੀਵਰਸਟੀ ਦੀ ਇਮਾਰਤ ਦੇ ਨਿਰਮਾਣ ਲਈ ਸਿੱਧੋਵਾਲ ਪਿੰਡ ਵਿਚ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਟੀ ਦੇ ਨਾਲ ਲਗਦੀ 97 ਏਕੜ ਜ਼ਮੀਨ ਐਕੁਵਾਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਹਦਾਇਤ ਕੀਤੀ। ਪਿੰਡ ਦੀ ਪੰਚਾਇਤ ਵਲੋਂ 97 ਫ਼ੀ ਸਦੀ ਜ਼ਮੀਨ ਮੁਫ਼ਤ ਮੁਹਈਆ ਕਰਵਾਈ ਜਾ ਰਹੀ ਹੈ ਜਦਕਿ ਬਾਕੀ ਜ਼ਮੀਨ ਐਕੁਵਾਇਰ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਦੇ ਪ੍ਰਸਤਾਵ ਨਾਲ ਸਹਿਮਤ ਹੁੰਦਿਆਂ ਮੁੱਖ ਮੰਤਰੀ ਨੇ ਪਿੰਡ ਦੇ ਉਨ੍ਹਾਂ ਯੋਗ ਲੋਕਾਂ ਲਈ ਗਰੁਪ ਸੀ. ਅਤੇ ਡੀ. ਦੀਆਂ ਕੁਝ ਅਸਾਮੀਆਂ ਰਾਖਵੀਆਂ ਕਰਨ ਦੀ ਸਿਧਾਂਤਕ ਪ੍ਰਵਾਨਗੀ ਦਿਤੀ, ਜਿਨ੍ਹਾਂ ਲੋਕਾਂ ਦੀ ਜ਼ਮੀਨ ਐਕੁਵਾਇਰ ਹੋਣੀ ਹੈ।
  ਕੈਪਟਨ ਅਮਰਿੰਦਰ ਸਿੰਘ ਨੇ ਖੇਡ ਵਿਭਾਗ ਨੂੰ ਨਵੀਂ ਇਮਾਰਤ ਦੇ ਮੁਕੰਮਲ ਹੋਣ ਤਕ ਇਸ ਸੰਸਥਾ ਨੂੰ ਆਰਜ਼ੀ ਤੌਰ 'ਤੇ ਚਲਾਉਣ ਲਈ ਤੁਰਤ ਮੋਹਿੰਦਰਾ ਕੋਠੀ ਦਾ ਕਬਜ਼ਾ ਲੈਣ ਲਈ ਆਖਿਆ। ਬੁਲਾਰੇ ਨੇ ਦਸਿਆ ਕਿ ਇਸ ਮੰਤਵ ਲਈ ਕੋਠੀ ਦੀ ਮੁਰੰਮਤ ਵਾਸਤੇ 50 ਲੱਖ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ।
 ਮੀਟਿੰਗ ਵਿਚ ਸੰਚਾਲਨ ਕਮੇਟੀ ਦੇ ਮੁਖੀ ਅਤੇ ਅੰਤਰਰਾਸ਼ਟਰੀ ਓਲਿੰਪਿਕ ਕਮੇਟੀ ਦੇ ਮੈਂਬਰ ਰਣਧੀਰ ਸਿੰਘ ਸਮੇਤ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਤੋਂ ਇਲਾਵਾ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਧੀਕ ਮੁੱਖ ਸਕੱਤਰ ਖੇਡਾਂ ਸੰਜੇ ਕੁਮਾਰ ਅਤੇ ਖੇਡ ਵਿਭਾਗ ਦੇ ਡਾਇਰੈਕਟਰ ਅੰਮ੍ਰਿਤ ਕੌਰ ਗਿੱਲ ਹਾਜ਼ਰ ਸਨ।

 

Have something to say? Post your comment

Subscribe