ਮਾਨਸਾ : ਮਾਨਸਾ ਦੇ ਪਿੰਡ ਭਾਈਦੇਸਾ ਦੇ 116 ਸਾਲ ਉਮਰ ਹੋਣ ਦਾ ਦਾਅਵਾ ਕਰਨ ਵਾਲਾ ਫੌਜਾ ਰਾਮ ਸ਼ਰੀਰਕ ਤੌਰ ਤੇ ਪੂਰੀ ਤਰ੍ਹਾਂ ਫਿਟ ਹੈ। ਫੌਜਾ ਰਾਮ ਸਵੇਰੇ ਢਾਈ ਤਿੰਨ ਵਜੇ ਉੱਠ ਕੇ ਸੈਰ ਕਰਕੇ, ਸਾਈਕਲ ਚਲਾ ਕੇ, ਇਸ਼ਨਾਨ ਕਰਕੇ ਅਤੇ ਪੂਜਾ ਪਾਠ ਕਰਦੇ ਹਨ। ਉਨ੍ਹਾਂ ਕਿਹਾ ਕਿ ਮੇਰੀ ਉਮਰ 116 ਸਾਲ ਹੈ ਅਤੇ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਪ੍ਰਮਾਤਮਾ ਦਾ ਨਾਮ ਲੈਂਦਾ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਕਿਸੇ ਪ੍ਰਕਾਰ ਦੇ ਨਸ਼ੇ ਦੀ ਆਦਤ ਨਹੀਂ ਹੈ, ਸਿਰਫ ਚਾਹ ਹੀ ਪੀਂਦਾ ਹਾਂ ਅਤੇ ਉਮਰ ਬਤੀਤ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਸ਼ਰੀਰ ਨੂੰ ਫਿਟ ਰੱਖਣ ਲਈ ਮੈਂ ਪੈਦਲ ਚੱਲਣ ਦੇ ਨਾਲ-ਨਾਲ ਸਾਈਕਲ ਵੀ ਚਲਾ ਲੈਂਦਾ ਹਾਂ। ਉਨ੍ਹਾਂ ਨੌਜਵਾਨਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਾਧਾਰਣ ਭੋਜਨ ਹੀ ਖਾਣ। ਉਨ੍ਹਾਂ ਕਿਹਾ ਕਿ ਸਭ ਨੂੰ ਆਪਣੇ ਧਰਮ ਵਿੱਚ ਭਰੋਸਾ ਰੱਖਦੇ ਹੋਏ ਈਸ਼ਵਰ ਦਾ ਨਾਮ ਲੈਣਾ ਚਾਹੀਦਾ ਹੈ। 1947 ਦੇ ਭਾਰਤ-ਪਾਕ ਬਟਵਾਰੇ ਦੇ ਹਾਲਾਤ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਵਾਲੇ ਫੌਜਾ ਰਾਮ ਨੇ ਕਿਹਾ ਕਿ ਉਸ ਸਮੇਂ ਮੇਰੀ ਉਮਰ 42 ਸਾਲ ਸੀ ਅਤੇ ਮੈਂ ਉਸ ਸਮੇਂ ਬਹੁਤ ਕੁੱਝ ਵੇਖਿਆ। ਉਨ੍ਹਾਂ ਕਿਹਾ ਕਿ ਉਸ ਸਮੇਂ ਬਹੁਤ ਮਰਦੇ ਵੇਖੇ, ਲੜਦੇ ਵੇਖੇ ਅਤੇ ਇੱਧਰ ਉੱਧਰ ਭੱਜਦੇ ਵੇਖੇ। ਉਨ੍ਹਾਂ ਕਿਹਾ ਕਿ ਮੁਸਲਮਾਨਾਂ ਨੇ ਹਿੰਦੂਆਂ ਨੂੰ ਅੱਗ ਲਗਾ ਕੇ ਮਾਰ ਦਿੱਤਾ l
ਨਹਿਰਾਂ ਵਿੱਚ ਸੁੱਟ ਦਿੱਤਾ ਅਤੇ ਹਾਲਾਤ ਬਹੁਤ ਬੁਰੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮਿਲਿਟਰੀ ਬੁਲਾ ਲਈ ਅਤੇ ਉਸਤੋਂ ਬਾਅਦ ਅਸੀ ਇੱਧਰ ਹਿੰਦੁਸਤਾਨ ਵਿੱਚ ਆ ਗਏ। ਉਨ੍ਹਾਂ ਕਿਹਾ ਕਿ ਇੱਥੇ ਆਕੇ ਸਾਨੂੰ ਰੋਟੀ ਮਿਲਣ ਲੱਗ ਗਈ ਕਿਉਂਕਿ ਮਸਲਾ ਰੋਟੀ ਦਾ ਹੀ ਹੈ, ਪਰ ਹਾਲਾਤ ਉੱਧਰ ਵੀ ਵਧੀਆ ਸਨ ਅਤੇ ਚੰਗੀ ਫਸਲ ਅਤੇ ਖਾਣ-ਪੀਣ ਸਭ ਚੰਗਾ ਸੀ। ਫੌਜਾ ਰਾਮ ਦੇ ਪੁੱਤਰ ਜੀਤ ਰਾਮ ਨੇ ਕਿਹਾ ਕਿ ਇੰਨਾਂ ਨੂੰ ਕਦੇ ਕੋਈ ਬਿਮਾਰੀ ਨਹੀਂ ਲੱਗੀ ਕਿਉਂਕਿ ਪਿਤਾ ਜੀ ਸਵੇਰੇ ਕਰੀਬ 3 ਵਜੇ ਉੱਠਣ ਤੋਂ ਬਾਅਦ ਇਸ਼ਨਾਨ ਅਤੇ ਪਾਠ-ਪੂਜਾ ਕਰਨ ਤੋਂ ਬਾਅਦ ਸ਼ਰੀਰ ਨੂੰ ਫਿਟ ਰੱਖਣ ਲਈ ਸੈਰ ਕਰਦੇ ਹਨ ਅਤੇ ਸਾਈਕਲ ਵੀ ਚਲਾਉਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨ ਇੰਨੀ ਉਮਰ ਵਿੱਚ ਨਹੀਂ ਜਾ ਸਕਦੇ ਕਿਉਂਕਿ ਮੇਰੀ ਉਮਰ ਵੀ ਸਿਰਫ਼ 65 ਸਾਲ ਹੈ ਅਤੇ ਮੈਂ ਵੀ ਬੁੱਢਾ ਹੋ ਚੁੱਕਿਆ ਹਾਂ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਮੁਕਾਬਲੇ ਅਸੀ ਆਪਣੇ ਆਪ ਨੂੰ ਕਮਜੋਰ ਮਹਿਸੂਸ ਕਰਦੇ ਹਾਂ। ਉਥੇ ਹੀ ਫੌਜਾ ਰਾਮ ਦੇ ਪੋਤਰੇ ਸੁਖਪਾਲ ਰਾਮ ਨੇ ਦੱਸਿਆ ਕਿ ਮੇਰੇ ਦਾਦਾ ਜੀ ਸ਼ਰੀਰਕ ਤੌਰ ਉੱਤੇ ਪੂਰੀ ਤਰ੍ਹਾਂ ਫਿਟ ਹਨ ਅਤੇ ਠੀਕ ਤਰ੍ਹਾਂ ਨਾਲ ਸੁਣਾਈ ਅਤੇ ਦਿਖਾਈ ਦਿੰਦਾ ਹੈ।