ਬਾਦਸ਼ਾਹਪੁਰ : ਹਲਕਾ ਸ਼ੁਤਰਾਣਾ ਦੇ ਪਿੰਡ ਅਰਨੇਟੂ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦਾ ਗੁਰਦੁਆਰਾ ਕਮੇਟੀ ਨਾਲ ਮਤਭੇਦ ਹੋਣ ਕਾਰਨ ਡਿਊਟੀ ਛੱਡ ਕੇ ਜਾਣ ਤੋਂ ਪਿੰਡ ਦੇ ਜ਼ਿੰਮੀਦਾਰ ਪਰਿਵਾਰਾਂ ਅਤੇ ਬਾਜੀਗਰ ਬਰਾਦਰੀ ਦੇ ਲੋਕਾਂ ਵਿੱਚਕਾਰ ਸਥਿਤੀ ਤਣਾਅਪੂਰਨ ਬਣ ਗਈ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਵਿਹੜੇ 'ਚ ਹੋਏ ਇਕੱਠੇ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਹਵਾਈ ਫਾਇਰ ਕਰਨ ਕਾਰਨ ਭੱਜ ਦੌੜ ਮੱਚ ਗਈ। ਕਮੇਟੀ ਮੈਂਬਰ ਅਤੇ ਗ੍ਰਾਮ ਪੰਚਾਇਤ ਅਰਨੇਟੂ ਖੁਰਦ ਦੇ ਸਰਪੰਚ ਅਵਤਾਰ ਸਿੰਘ ਨੇ ਦੱਸਿਆ ਕਿ ਗੁਰੂਘਰ ਦੇ ਗ੍ਰੰਥੀ ਸਿੰਘ ਜਸਵੰਤ ਸਿੰਘ ਦਾ ਕਮੇਟੀ ਵੱਲੋਂ ਗੁਰੂਘਰ 'ਚ ਗੋਲਕ ਰੱਖਣ ਤੋਂ ਨਰਾਜ ਚੱਲ ਰਿਹਾ ਸੀ ਜੋ ਕਿ ਬੀਤੇ ਦਿਨ ਪ੍ਰਬੰਧਕ ਕਮੇਟੀ ਨੂੰ ਸੂਚਨਾ ਦੇ ਕੇ ਡਿਊਟੀ ਛੱਡ ਗਿਆ ਸੀ। ਜਿਸ ਨੂੰ ਲੈ ਕੇ ਪਿੰਡ ਦੇ ਲੋਕ ਨਰਾਜ ਚੱਲ ਰਹੇ ਹਨ। ਜਦੋਂ ਕਿ ਪਿੰਡ 'ਚ ਰਹਿੰਦੇ ਹੋਰ ਬਰਾਦਰੀਆਂ ਦੇ ਲੋਕ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਉੱਪਰ ਦੋਸ਼ ਲਾ ਰਹੇ ਹਨ ਕਿ ਗ੍ਰੰਥੀ ਸਿੰਘ ਨੂੰ ਕਮੇਟੀ ਨੇ ਧੱਕੇ ਨਾਲ ਜਲੀਲ ਕਰਕੇ ਗੁਰਦੁਆਰੇ ਵਿੱਚੋਂ ਕੱਢਿਆ ਹੈ ਅਤੇ ਪਿੰਡ ਦੇ ਜ਼ਿਆਦਾਤਰ ਲੋਕ ਗ੍ਰੰਥੀ ਸਿੰਘ ਨੂੰ ਕੱਢਣ ਦਾ ਵਿਰੋਧ ਕਰ ਰਹੇ ਹਨ।
ਉਨ੍ਹਾਂ ਕਮੇਟੀ ਮੈਂਬਰ ਦੇ ਪੁੱਤਰ 'ਤੇ ਪੰਚਾਇਤੀ ਇਕੱਠ ਦੌਰਾਨ ਗੋਲੀ ਚਲਾਉਣ ਦਾ ਦੋਸ਼ ਲਾਇਆ ।ਜਦੋਂ ਇਸ ਸਬੰਧੀ ਡੀਐਸਪੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ 'ਚ ਝਗੜਾ ਹੋਣ ਅਤੇ ਹਵਾਈ ਫਾਇਰ ਕੀਤੇ ਜਾਣ ਦੀ ਸੂਚਨਾ ਮਿਲੀ ਸੀ ਜਿਸ ਉਪਰੰਤ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੌਕੇ 'ਤੇ ਹਾਜਿਰ ਲੋਕਾਂ ਦੇ ਬਿਆਨ ਦਰਜ ਕਰਕੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।