ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਦੇ ਸੀਜ਼ਨ ਲਈ 8 ਘੰਟੇ ਬਿਜਲੀ ਦੀ ਸਪਲਾਈ ਨਾ ਕਰਨ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਰਾਜ ਵਿੱਚ ਬਿਜਲੀ ਸਪਲਾਈ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਇੱਕ ਮੀਟਿੰਗ ਸੱਦੀ ਹੈ। ਉਪਰੋਕਤ ਮੀਟਿੰਗ 25 ਜੂਨ ਯਾਨੀ ਕਿ ਅੱਜ ਦੁਪਹਿਰ 2.00 ਵਜੇ ਰੱਖੀ ਗਈ ਹੈ। ਦੱਸ ਦੇਈਏ ਕਿ ਮਾਰਚ ਤੋਂ ਤਲਵੰਡੀ ਸਾਬੋ ਥਰਮਲ ਪਲਾਂਟ ਦੇ 660 ਮੈਗਾਵਾਟ ਦੇ ਯੂਨਿਟ ਦੇ ਬੰਦ ਹੋਣ ਕਾਰਨ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪਾਵਰਕਾਮ ਐਕਸਚੇਂਜ ਤੋਂ ਬਿਜਲੀ ਖਰੀਦ ਕੇ ਲੋੜ ਪੂਰੀ ਕਰ ਰਿਹਾ ਹੈ। ਝੋਨੇ ਦਾ ਸੀਜ਼ਨ ਸ਼ੁਰੂ ਹੋਏ ਨੂੰ 15 ਦਿਨ ਹੋ ਗਏ ਹਨ ਪਰ ਅਜੇ ਤੱਕ 8 ਘੰਟੇ ਸਪਲਾਈ ਇਕ ਦਿਨ ਵੀ ਨਹੀਂ ਹੋ ਸਕੀ। ਕਿਸਾਨ ਜੱਥੇਬੰਦੀਆਂ ਨੇ ਇਸ ਮਾਮਲੇ ਵਿੱਚ ਤਿੱਖਾ ਸੰਘਰਸ਼ ਕੀਤਾ ਹੈ ਅਤੇ ਕੁਝ ਥਾਵਾਂ ਤੇ ਤਾਂ ਬਿਜਲੀ ਕਾਮੇ ਵੀ ਕੈਦ ਹੋ ਚੁੱਕੇ ਹਨ।