ਹੁਸ਼ਿਆਰਪੁਰ : ਹੁਸ਼ਿਆਰਪੁਰ 'ਚ ਇਕ ਬਲਾਤਕਾਰ ਕੇਸ ਦੇ ਮਾਮਲੇ 'ਚ ਇਕ ਸ਼ਖਸ ਨੂੰ ਗਵਾਹੀ ਦੇਣੀ ਉਸ ਸਮੇਂ ਮਹਿੰਗੀ ਪੈ ਗਈ ਜਦੋਂ ਕੁਝ ਹਥਿਆਰਬੰਦ ਲੋਕਾਂ ਨੇ ਗਵਾਹੀ ਦੇਣ ਵਾਲੇ ਸ਼ਖਸ 'ਤੇ ਹਮਲਾ ਕਰ ਦਿਤਾ। ਜ਼ਖਮੀ ਹਾਲਤ 'ਚ ਸ਼ਖਸ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੀੜਤ ਪੱਖ ਨੇ ਦਸਿਆਕਿ ਇਸ ਦੀ ਸ਼ਿਕਾਇਤ ਉਨ੍ਹਾਂ ਨੇ ਪੁਲਸ ਨੂੰ ਸਮਾਂ ਰਹਿੰਦੇ ਹੀ ਕਰ ਦਿੱਤੀ ਸੀ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਪਤੀ 'ਤੇ ਹੋਏ ਜਾਨਲੇਵਾ ਹਮਲੇ ਬਾਰੇ ਹਸਪਤਾਲ 'ਚ ਰੋਂਦੇ ਹੋਏ ਪੂਜਾ ਨੇ ਕਿਹਾ ਕਿ ਉਸ ਦੇ ਪਤੀ 'ਤੇ ਇਸ ਲਈ ਹਮਲਾ ਕੀਤਾ ਗਿਆ ਕਿਉਂਕਿ ਉਨ੍ਹਾਂ ਨੇ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਵਾਲਿਆਂ ਖਿਲਾਫ ਕੋਰਟ 'ਚ ਗਵਾਹੀ ਦੇ ਕੇ ਲੜਕੀ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਬਲਾਤਕਾਰ ਕਰਨ ਵਾਲਿਆਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਜਾਣਾ ਪਿਆ ਪਰ ਇਸ ਦੇ ਲਈ ਉਨ੍ਹਾਂ ਦੇ ਪਰਿਵਾਰ ਨੂੰ ਮੁਲਜ਼ਮਾਂ ਵੱਲੋਂ ਧਮਕੀਆਂ ਮਿਲਦੀਆਂ ਰਹੀਆਂ, ਜਿਸ ਦੀ ਦਰਖਾਸਤ ਉਨ੍ਹਾਂ ਨੇ ਐੱਸ. ਐੱਸ. ਪੀ. ਏਲਿਨਚੇਲੀਅਨ ਨੂੰ ਖੁਦ ਮਿਲ ਕੇ ਕੀਤੀ। ਅੱਗੇ ਦੱਸਦੇ ਹੋਏ ਪੂਜਾ ਨੇ ਕਿਹਾ ਕਿ ਪੁਲਸ ਵੱਲੋਂ ਮੁਲਜ਼ਮਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਉਸ ਦੇ ਪਤੀ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਨੇ ਦਸਿਆਕਿ ਜੇਕਰ ਪੁਲਸ ਵੱਲੋਂ ਕੋਈ ਕਾਰਵਾਈ ਸਮੇਂ 'ਤੇ ਕੀਤੀ ਜਾਂਦੀ ਤਾਂ ਮੁਲਜ਼ਮਾਂ ਦੇ ਹੌਸਲੇ ਬੁਲੰਦ ਨਾ ਹੁੰਦੇ। ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਪੂਜਾ ਨੇ ਦਸਿਆਕਿ ਜੇਕਰ ਮੁਲਜ਼ਮਾਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਆਪਣੀ ਛੋਟੀ ਬੱਚੀ ਨਾਲ ਦੁਖੀ ਹੋ ਕੇ ਖੁਦਕੁਸ਼ੀ ਕਰਨ ਨੂੰ ਮਜਬੂਰ ਹੋ ਜਾਵੇਗੀ। ਉਥੇ ਹੀ ਦੂਜੇ ਪਾਸੇ ਜਾਂਚ ਕਰ ਰਹੇ ਹਰਜਿੰਦਰ ਸਿੰਘ ਨੇ ਦਸਿਆ ਕਿ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਪਿੰਡ ਦੇ ਕੁਝ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ। ਬਿਨਾਂ ਸ਼ੱਕ ਪੁਲਸ ਨੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪਰ ਇਸ ਘਟਨਾ ਤੋਂ ਇਹ ਸਪਸ਼ੱਟ ਹੋ ਜਾਂਦਾ ਹੈ ਕਿ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਲੋਕ ਲੋੜਵੰਦਾਂ ਦੀ ਮਦਦ ਕਰਨ ਤੋਂ ਗੁਰੇਜ਼ ਕਰਦੇ ਹਨ।