ਚੰਡੀਗੜ੍ਹ: ਅੰਮ੍ਰਿਤਸਰ ਵਿੱਚ ਬਰਾਮਦ 48 ਵਿਦੇਸ਼ੀ ਪਿਸਤੌਲ ਤੇ ਗੋਲੀ-ਸਿੱਕੇ ਦੀ ਖੇਪ ਖਾੜਕੂ ਸੰਗਠਨ ਕੇਐਲਐਫ ਤੇ ਬੱਬਰ ਖਾਲਸਾ ਵੱਲੋਂ ਭਾਰਤ-ਪਾਕਿ ਸਰਹੱਦ ਤੋਂ ਸਮੱਗਲ ਕਰਵਾ ਕੇ ਭੇਜੀ ਗਈ ਸੀ। ਇਨ੍ਹਾਂ ਨੂੰ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਵਿੱਚ ਹਿੰਸਕ ਕਾਰਵਾਈਆਂ ਵਿੱਚ ਵਰਤਿਆ ਜਾਣਾ ਸੀ। ਇਹ ਖੁਲਾਸਾ ਪੰਜਾਬ ਦੀ ਖੁਫੀਆ ਏਜੰਸੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਵੱਲੋਂ ਗ੍ਰਿਫਤਾਰ ਕੀਤੇ ਗਏ ਜਗਜੀਤ ਸਿੰਘ ਉਰਫ ਜੱਗੂ ਦੀ ਮੁੱਢਲੀ ਪੁੱਛਗਿੱਛ ਦੇ ਅਧਾਰ 'ਤੇ ਹੋਇਆ ਹੈ। ਐਸਐਸਓਸੀ ਦੇ ਅਧਿਕਾਰੀਆਂ ਮੁਤਾਬਕ ਜੱਗੂ ਦੇ ਹੈਂਡਲਰ ਦਰਮਨਜੋਤ ਸਿੰਘ ਉਰਫ ਦਰਮਨਜੋਤ ਕਾਹਲੋਂ ਦੇ ਪਾਕਿਸਤਾਨ ਵਿੱਚ ਬੈਠੇ ਖਾੜਕੂ ਪਰਮਜੀਤ ਸਿੰਘ ਪੰਜਵੜ ਤੇ ਮਹਾਰਾਸ਼ਟਰ ਦੇ ਨਾਂਦੇੜ ਨਾਲ ਸਬੰਧਤ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਸੰਧੂ ਨਾਲ ਡੂੰਘੇ ਸਬੰਧ ਸਨ।
ਪਿੰਡ ਤਲਵੰਡੀ ਖੁੰਮਣ ਦਾ ਰਹਿਣ ਵਾਲਾ ਦਰਮਨ ਇਸ ਸਮੇਂ ਲਾਸ ਏਂਜਲਸ ਵਿੱਚ ਡਰਾਈਵਿੰਗ ਕਰਦਾ ਹੈ। ਦਰਮਨਜੋਤ ਜਾਣਦਾ ਸੀ ਕਿ ਜੱਗੂ ਨੂੰ ਪੈਸੇ ਦੀ ਜ਼ਰੂਰਤ ਸੀ। ਇਸ ਲਈ ਉਸ ਨੇ ਹਥਿਆਰਾਂ ਦੀ ਖੇਪ ਹਾਸਲ ਕਰਨ ਲਈ ਉਸ ਨਾਲ 4 ਲੱਖ ਰੁਪਏ ਵਿੱਚ ਸੌਦਾ ਕੀਤਾ ਸੀ। ਐਸਐਸਓਸੀ ਅਨੁਸਾਰ, ਗੈਂਗਸਟਰਾਂ ਨੂੰ ਬਰਾਮਦ ਕੀਤੇ ਗਏ ਹਥਿਆਰਾਂ ਦੀ ਸਪਲਾਈ ਦਾ ਕੋਈ ਪੱਖ ਸਾਹਮਣੇ ਨਹੀਂ ਆਇਆ ਹੈ। ਦਸੰਬਰ 2020 ਵਿਚ ਦੁਬਈ ਤੋਂ ਵਾਪਸੀ ਤੋਂ ਜਗਜੀਤ ਉਰਫ ਜੱਗੂ ਭਟਕਦਾ ਕਰਦਾ ਸੀ। ਪਿਤਾ ਪਾਵਰਕਾਮ ਵਿੱਚ ਲਾਈਨਮੈਨ ਹਨ ਤੇ ਖੇਤੀ ਵੀ ਕਰਦੇ ਹਨ। ਦਰਮਨ ਇੰਟਰਨੈੱਟ ਕਾਲਿੰਗ ਜ਼ਰੀਏ ਦੁਬਈ ਵਿੱਚ ਜੱਗੂ ਦੇ ਸੰਪਰਕ ਵਿੱਚ ਰਹਿੰਦਾ ਸੀ। ਇਹ ਰੁਝਾਨ ਭਾਰਤ ਆਉਣ ਤੋਂ ਬਾਅਦ ਵੀ ਜਾਰੀ ਰਿਹਾ। ਖੇਪ ਅੱਗੇ ਭੇਜਣ ਤੋਂ ਪਹਿਲਾਂ ਹੀ ਜੱਗੂ ਨੂੰ ਪੁਲਿਸ ਨੇ ਫੜ ਲਿਆ ਸੀ। ਜੱਗੂ ਨੂੰ ਹਥਿਆਰ ਸਪਲਾਈ ਕਰਨ ਵਾਲੇ ਵਿਅਕਤੀ ਬਾਰੇ ਵੀ ਅਹਿਮ ਜਾਣਕਾਰੀ ਮਿਲੀ ਹੈ, ਜਿਸ ਨੂੰ ਜਲਦੀ ਹੀ ਗ੍ਰਿਫਤਾਰ ਕੀਤੇ ਜਾਣ ਦੀ ਸੰਭਾਵਨਾ ਹੈ। ਦੂਜੇ ਪਾਸੇ ਪੁਲਿਸ ਨੇ ਦਰਮਨਜੋਤ ਕਾਹਲੋਂ ਦੇ ਕੁਝ ਰਿਸ਼ਤੇਦਾਰਾਂ ਨੂੰ ਵੀ ਘੇਰ ਲਿਆ ਹੈ, ਤਾਂ ਜੋ ਉਸ ਤੋਂ ਆਤਮ-ਸਮਰਪਣ ਕਰਵਾਇਆ ਜਾ ਸਕੇ।