ਨਵੀਂ ਦਿੱਲੀ : ਡਰਾਈਵਿੰਗ ਲਾਇਸੈਂਸ ਅੱਜ ਦੇ ਸਮੇਂ ’ਚ ਸਾਡੇ ਲਈ ਸੱਭ ਤੋਂ ਜ਼ਰੂਰੀ ਦਸਤਾਵੇਜ਼ਾਂ ’ਚੋਂ ਇਕ ਹੈ। ਡਰਾਈਵਿੰਗ ਲਾਇਸੈਂਸ ਗੱਡੀ ਚਲਾਉਣ ਲਈ ਜ਼ਰੂਰੀ ਤਾਂ ਹੈ ਤੇ ਇਸ ਨੂੰ ਕਈ ਅਹਿਮ ਮੌਕਿਆਂ ’ਤੇ ਪਛਾਣ ਪੱਤਰ ਦੇ ਤੌਰ ’ਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਹਾਲਾਂਕਿ, ਡਰਾਈਵਿੰਗ ਲਾਇਸੈਂਸ ਬਣਵਾਉਣਾ ਆਸਾਨ ਕੰਮ ਨਹੀਂ ਹੈ। ਇਸ ਦੇ ਲਈ ਪਹਿਲਾਂ ਤੁਹਾਨੂੰ ਰਜਿਸਟ੍ਰੇਸ਼ਨ ਕਰਵਾਉਣਾ ਪੈਂਦਾ ਹੈ ਤੇ ਫਿਰ ਬਾਅਦ ਵਿਚ ਟਰੇਨਿੰਗ ਆਫ਼ਿਸ ਜਾ ਕੇ ਟੈਸਟ ਵੀ ਦੇਣਾ ਪੈਂਦਾ ਹੈ। ਕਈ ਵਾਰ ਤੁਸੀਂ ਟੈਸਟ ਦਿੰਦੇ ਸਮੇਂ ਨਰਵਸ ਵੀ ਹੋ ਜਾਂਦੇ ਹੋ ਤੇ ਠੀਕ ਢੰਗ ਨਾਲ ਗੱਡੀ ਨਹੀਂ ਚਲਾ ਪਾਉਂਦੇ ਅਜਿਹੇ ਸਮੇਂ ਤੁਹਾਡਾ ਲਾਇਸੈਂਸ ਪੱਕਾ ਨਹੀਂ ਹੋ ਪਾਉਂਦਾ ਤੇ ਤੁਹਾਨੂੰ ਵਾਰ-ਵਾਰ ਟੈਸਟ ਦੇਣਾ ਪੈਂਦਾ ਹੈ। ਹੁਣ ਤੁਸੀਂ ਬਿਨਾਂ ਟੈਸਟ ਦਿਤੇ ਵੀ ਡਰਾਈਵਿੰਗ ਲਾਇਸੈਂਸ ਬਣਵਾ ਸਕਦੇ ਹੋ।
ਜੇਕਰ ਤੁਸੀਂ ਵੀ ਅਪਣਾ ਡਰਾਈਵਿੰਗ ਲਾਇਸੈਂਸ ਬਣਵਾਉਣਾ ਚਾਹੁੰਦੇ ਹੋ ਤੇ ਟੈਸਟ ਨਹੀਂ ਦੇਣਾ ਚਾਹੁੰਦੇ ਤਾਂ ਤੁਹਾਨੂੰ ਕਿਸੇ ਮਾਨਤਾ ਪ੍ਰਾਪਤ ਡਰਾਈਵਿੰਗ ਟੈਸਟ ਸੈਂਟਰ ਤੋਂ ਟ੍ਰੇਨਿੰਗ ਲੈਣੀ ਪਵੇਗੀ। ਇਹ ਟੈਸਟ ਸੈਂਟਰ ਸੜਕ ਆਵਾਜਾਈ ਮੰਤਰਾਲੇ ਤੋਂ ਮਾਨਤਾ ਪ੍ਰਾਪਤ ਹੋਣਾ ਚਾਹੀਦਾ ਹੈ। ਟ੍ਰੇਨਿੰਗ ਤੋਂ ਬਾਅਦ ਸੈਂਟਰ ਤੁਹਾਨੂੰ ਇਕ ਸਰਟੀਫਿਕੇਟ ਦੇਵੇਗਾ। ਇਸੇ ਸਰਟੀਫ਼ਿਕੇਟ ਦੇ ਆਧਾਰ ’ਤੇ ਆਰਟੀਓ ਤੁਹਾਡਾ ਡਰਾਈਵਿੰਗ ਲਾਇਸੈਂਸ ਜਾਰੀ ਕਰੇਗਾ।
ਟਰਾਂਸਪੋਰਟ ਵਿਭਾਗ ਦੀ ਇਹ ਨਵੀਂ ਸਹੂਲਤ 1 ਜੁਲਾਈ ਤੋਂ ਸ਼ੁਰੂ ਹੋ ਜਾਵੇਗੀ। ਆਵਾਜਾਈ ਮੰਤਰਾਲੇ ਨੇ ਇਸ ਬਾਰੇ ਕਿਹਾ ਕਿ ਦੇਸ਼ ਵਿਚ ਬਿਹਤਰ ਡਰਾਈਵਰਜ਼ ਦੀ ਗਿਣਤੀ ’ਚ ਕਮੀ ਆਈ ਹੈ। ਦੇਸ਼ ’ਚ ਕਰੀਬ 22 ਲੱਖ ਡਰਾਈਵਰਜ਼ ਦੀ ਘਾਟ ਹੈ ਜਿਸ ਨੂੰ ਪੂਰਾ ਕਰਨ ਲਈ ਇਹ ਕਦਮ ਉਠਾਇਆ ਜਾ ਰਿਹਾ ਹੈ।