ਫਰੀਦਕੋਟ : ਬੇਅਦਬੀ ਕਾਂਡ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਦੋ ਡੇਰਾ ਪ੍ਰੇਮੀਆਂ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਸੁਖਵਿੰਦਰ ਸਿੰਘ ਸੰਨੀ ਕੰਡਾ ਨੂੰ ਇਲਾਕਾ ਡਿਊਟੀ ਮੈਜਿਸਟ੍ਰੇਟ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕਰਕੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਖੇ ਲਾਏ ਗਏ ਵਿਵਾਦਤ ਭਾਸ਼ਾ ਵਾਲੇ ਪੋਸਟਰਾਂ ਦੀ ਹੱਥ ਲਿਖਤ ਦੀ ਪਛਾਣ ਲਈ ਪੇਸ਼ ਕੀਤਾ ਗਿਆ, ਜਿਸ ’ਤੇ ਅਦਾਲਤ ਵੱਲੋਂ ਉਕਤ ਭੜਕਾਊ ਪੋਸਟਰਾਂ ਦੀ ਲਿਖਤ ਨਾਲ ਲਿਖਾਈ ਦੀ ਪਛਾਣ ਲਈ ਹੁਣ ਉਕਤ ਹੱਥ ਲਿਖਤਾਂ ਲੈਬਾਰਟਰੀ ’ਚ ਜਾਂਚ ਲਈ ਭੇਜੀਆਂ ਜਾਣਗੀਆਂ।
ਐੱਸਆਈਟੀ ਦੇ ਪ੍ਰਮੁੱਖ ਮੈਂਬਰ ਰਜਿੰਦਰ ਸਿੰਘ ਸੌਹਲ ਏਆਈਜੀ ਨੇ ਦੱਸਿਆ ਕਿ ਬੇਅਦਬੀ ਸਬੰਧੀ ਸੰਨੀ ਕੰਡਾ ਦੇ ਨਾਲ ਬਲਜੀਤ ਸਿੰਘ ਤੋਂ ਵੀ ਪੁੱਛਗਿੱਛ ਜਾਰੀ ਹੈ। ਉਨ੍ਹਾਂ ਦੱਸਿਆ ਕਿ ਐੱਸਆਈਟੀ ਦੇ ਮੁਖੀ ਆਈ.ਜੀ. ਐੱਸਪੀਐੱਸ ਪਰਮਾਰ, ਲਖਬੀਰ ਸਿੰਘ ਡੀਐਸਪੀ ਅਤੇ ਇੰਸਪੈਕਟਰ ਦਲਬੀਰ ਸਿੰਘ ਸਿੱਧੂ ਵਲੋਂ ਉਕਤ ਮਾਮਲਿਆਂ ਦੀ ਬਹੁਤ ਡੂੰਘਾਈ ਨਾਲ ਜਾਂਚ ਜਾਰੀ ਹੈ।
ਜਿਕਰਯੋਗ ਹੈ ਕਿ 24-25 ਸਤੰਬਰ 2015 ਦੀ ਦਰਮਿਆਨੀ ਰਾਤ ਨੂੰ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਿਆਂ ਦੀਆਂ ਕੰਧਾਂ ’ਤੇ ਗਲਤ ਸ਼ਬਦਾਵਲੀ ਵਾਲੇ ਹੱਥ ਲਿਖਤ ਪੋਸਟਰ ਲਾ ਕੇ ਸਿੱਖਾਂ ਨੂੰ ਵੰਗਾਰਦਿਆਂ ਲਿਖਿਆ ਗਿਆ ਸੀ ਕਿ ਤੁਸੀ ਸਾਡੇ ਬਾਬੇ ਦੀ ਫਿਲਮ ਨਹੀਂ ਚੱਲਣ ਦਿੱਤੀ, ਇਸ ਲਈ ਤੁਹਾਡਾ ਵੱਡਾ ਗੁਰੂ ਅਸੀਂ ਆਪਣੇ ਕਬਜੇ ਵਿੱਚ ਲੈ ਲਿਆ ਹੈ, ਲੱਭਣ ਵਾਲੇ ਨੂੰ 10 ਲੱਖ ਰੁਪਏ ਨਗਦ ਇਨਾਮ ਦੇ ਕੇ ਡੇਰਾ ਸਲਾਬਤਪੁਰਾ ਵਿਖੇ ਸਨਮਾਨਿਤ ਕੀਤਾ ਜਾਵੇਗਾ।