ਭਾਰਤੀ ਟੀਮ ਅਪਣੇ ਵਿਸ਼ਵ ਕੱਪ ਮਿਸ਼ਨ ਲਈ ਮੰਗਲਵਾਰ ਰਾਤ ਨੂੰ ਮੁੰਬਈ ਤੋਂ ਇੰਗਲੈਂਡ ਰਵਾਨਾ ਹੋਈ। 30 ਮਈ ਤੋਂ ਸ਼ੁਰੂ ਹੋਣ ਜਾ ਰਹੇ ਕ੍ਰਿਕਟ ਮਹਾਕੁੰਭ 'ਚ ਟੀਮ ਇੰਡੀਆ ਨੇ ਖ਼ਿਤਾਬ ਜਿੱਤਣ ਦੇ ਮਜ਼ਬੂਤ ਦਾਅਵੇਦਾਰ ਦੇ ਰੂਪ ਵਿਚ ਐਂਟਰੀ ਕੀਤੀ ਹੈ। ਇੰਗਲੈਂਡ ਲਈ ਰਵਾਨਾ ਹੋਣ ਤੋਂ ਪਹਿਲਾਂ ਖਿਡਾਰੀ ਜਦੋਂ ਰਿਲੈਕਸ ਮੂਡ 'ਚ ਬੈਠੇ ਸਨ, ਤਾਂ ਜ਼ਿਆਦਾਤਰ ਖਿਡਾਰੀ ਅਪਣੇ ਟੈਬਲੇਟ 'ਤੇ ਪੱਬ ਜੀ ਗੇਮ ਦਾ ਮਜ਼ਾ ਲੈਂਦੇ ਦਿਖਾਈ ਦਿਤੇ।
ਬੀ. ਸੀ. ਸੀ. ਆਈ ਨੇ ਖਿਡਾਰੀਆਂ ਦੀਆਂ ਕੁਝ ਤਸਵੀਰਾਂ ਅਪਣੇ ਅਧਿਕਾਰਤ ਟਵਿਟਰ ਅਕਾਊਂਟ 'ਤੇ ਪੋਸਟ ਕੀਤੀਆਂ ਹਨ। ਇਨ੍ਹਾਂ 'ਚ ਯੁਜਵੇਂਦਰ ਚਾਹਲ, ਮੁਹੰਮਦ ਸ਼ਮੀ, ਐੱਮ. ਐੱਸ ਧੋਨੀ ਤੇ ਭੁਵਨੇਸ਼ਵਰ ਕੁਮਾਰ ਇੰਟਰਨੈੱਟ 'ਤੇ ਪ੍ਰਸਿੱਧ ਗੇਮ ਪੱਬ ਜੀ ਦੇ ਮਜ਼ੇ ਲੈਂਦੇ ਦਿਸੇ। ਇਨ੍ਹਾਂ ਤਸਵੀਰਾਂ 'ਚ ਮੁਹੰਮਦ ਸ਼ਮੀ ਦੇ ਟੈਬਲੇਟ ਦੀ ਸਕਰੀਨ ਸਾਫ਼ ਦਿਸ ਰਹੀ ਹੈ, ਜਿਸ 'ਚ ਪੱਬ ਜੀ ਗੇਮ ਦੀ ਫੁਟੇਜ ਵੀ ਸਾਫ ਕੈਪਚਰ ਹੋ ਰਹੀ ਹੈ। ਇਸੇ ਤਰ੍ਹਾਂ ਇਕ ਹੋਰ ਤਸਵੀਰ 'ਚ ਲੈਗ ਸਪਿਨਰ ਚਾਹਲ ਵੀ ਅਪਣੇ ਮੋਬਾਈਲ 'ਤੇ ਇਹ ਗੇਮ ਖੇਡਦੇ ਦਿਸ ਰਹੇ ਹਨ, ਜਦ ਕਿ ਧੋਨੀ ਵੀ ਇਸੇ ਗੇਮ 'ਚ ਰੁੱਝੇ ਦਿਸ ਰਹੇ ਹਨ।
ਫੈਨਜ਼ ਨੇ ਵੀ ਇਨ੍ਹਾਂ ਤਸਵੀਰਾਂ 'ਤੇ ਮਜ਼ੇਦਾਰ ਟਵੀਟਸ ਕੀਤੇ ਹਨ ਤੇ ਖਿਡਾਰੀਆਂ ਨੂੰ ਪੱਬ-ਜੀ ਖੇਡਦਾ ਵੇਖ ਉਹ ਵੀ ਰੋਮਾਂਚਿਤ ਹੋ ਰਹੇ ਹਨ। ਇਕ ਫ਼ੈਨ ਨੇ ਲਿੱਖਿਆ, ਵਾਉ, ਸਾਰੇ ਦੇ ਸਾਰੇ ਪੱਬ-ਜੀ ਦੇ ਲਵਰ ਹਨ।
ਇਸ ਤੋਂ ਇਲਾਵਾ ਕੁਝ ਹੋਰ ਤਸਵੀਰਾਂ ਵਿਚ ਹਾਰਦਿਕ ਪੰਡਯਾ, ਕੇ. ਐੱਲ ਰਾਹੁਲ, ਵਿਜੇ ਸ਼ੰਕਰ ਸਣੇ ਟੀਮ ਦੇ ਹੋਰ ਖਿਡਾਰੀ ਆਰਾਮ ਕਰਦੇ ਵਿਖਾਈ ਦੇ ਰਹੇ ਹਨ।
ਵਿਸ਼ਵ ਕੱਪ ਲਈ ਟੀਮ ਇੰਡੀਆ
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਕੇਦਾਰ ਜਾਧਵ, ਹਾਰਦਿਕ ਪੰਡਯਾ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਵਿਜੇ ਸ਼ੰਕਰ, ਦਿਨੇਸ਼ ਕਾਰਤਿਕ, ਕੇ. ਐੱਲ ਰਾਹੁਲ, ਰਵਿੰਦਰ ਜਡੇਜਾ।