ਫਰੀਦਕੋਟ : ਬੇਅਦਬੀ ਕਾਂਡ ਸਬੰਧੀ ਨਿਤ ਨਵੇਂ ਖੁਲਾਸੇ ਹੋ ਰਹੇ ਹਨ ਅਤੇ ਆਸ ਕੀਤੀ ਜਾ ਰਹੀ ਹੈ ਕਿ ਇਹ ਸਿਲਸਿਲਾ ਜਾਰੀ ਰਹੇਗਾ। ਹੁਣ ਬਰਗਾੜੀ ਵਿਖੇ ਵਾਪਰੇ ਬੇਅਦਬੀ ਕਾਂਡ ਦੇ ਮਾਮਲੇ ਵਿੱਚ ਪੁਲਿਸ ਰਿਮਾਂਡ ’ਤੇ ਚੱਲ ਰਹੇ ਦੋ ਡੇਰਾ ਪੇ੍ਰਮੀਆਂ ਸ਼ਕਤੀ ਸਿੰਘ ਅਤੇ ਰਣਜੀਤ ਭੋਲਾ ਨੂੰ ਭੜਕਾਊ ਪੋਸਟਰ ਲਾਉਣ ਦੇ ਮਾਮਲੇ ਵਿੱਚ ਰਿਮਾਂਡ ਖਤਮ ਹੋਣ ’ਤੇ ਅੱਜ ਚੀਫ ਜੁਡੀਸ਼ੀਅਲ ਮੈਜਿਸਟੇ੍ਰਟ ਸੰਜੀਵ ਕੁੰਦੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਉਨਾ ਨੂੰ 10 ਜੂਨ ਤੱਕ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ। ਐੱਸਆਈਟੀ ਵੱਲੋਂ ਇਤਰਾਜਯੋਗ ਪੋਸਟਰ ਲਾਉਣ ਵਾਲੇ ਮਾਮਲੇ ਵਿੱਚ ਦੋ ਡੇਰਾ ਪੇ੍ਰਮੀਆਂ ਸੰਨੀ ਕੰਡਾ ਅਤੇ ਬਲਜੀਤ ਸਿੰਘ ਨੂੰ ਪ੍ਰੋਡਕਸ਼ਨ ਵਰੰਟ ’ਤੇ ਲਿਆਉਣ ਲਈ ਅਦਾਲਤ ਵਿੱਚ ਅਰਜੀ ਪੇਸ਼ ਕੀਤੀ ਗਈ। ਐੱਸਆਈਟੀ ਦੀ ਦਲੀਲ ਹੈ ਕਿ ਉਕਤਾਨ ਡੇਰਾ ਪੇ੍ਰਮੀਆਂ ਦਾ ਕੋਰੋਨਾ ਸੈਂਪਲ ਦੀ ਰਿਪੋਰਟ ਪਾਜੇਟਿਵ ਆਉਣ ਕਾਰਨ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਇਲਾਜ ਚੱਲ ਰਿਹਾ ਸੀ। ਹੁਣ ਉਹ ਤੰਦਰੁਸਤ ਹਨ ਅਤੇ ਪ੍ਰੋਡਕਸ਼ਨ ਵਰੰਟ ’ਤੇ ਲਿਆ ਕੇ ਉਕਤਾਨ ਕੋਲੋਂ ਪੁੱਛਗਿੱਛ ਕਰਨ ਦੀ ਜਰੂਰਤ ਹੈ। ਜਿਕਰਯੋਗ ਹੈ ਕਿ ਐੱਸਆਈਟੀ ਵਲੋਂ ਪਾਵਨ ਸਰੂਪ ਚੋਰੀ ਕਰਨ, ਇਤਰਾਜਯੋਗ ਪੋਸਟਰ ਲਾਉਣ ਅਤੇ ਬੇਅਦਬੀ ਕਾਂਡ ਦੇ ਸ਼ਰਮਨਾਕ ਕਾਰੇ ਨੂੰ ਅੰਜਾਮ ਦੇਣ ਵਾਲੇ ਤਿੰਨਾ ਮਾਮਲਿਆਂ ਨੂੰ ਸੁਲਝਾਅ ਲਿਆ ਹੈ ਤੇ ਉਕਤ ਤਿੰਨਾ ਮਾਮਲਿਆਂ ਦੀ ਸੂਈ ਹੁਣ ਡੇਰਾ ਪੇ੍ਰਮੀਆਂ ਦੇ ਆਲੇ ਦੁਆਲੇ ਹੀ ਘੁੰਮ ਰਹੀ ਹੈ। ਬਿਨਾ ਸ਼ੱਕ ਅਗਾਮੀ ਦਿਨਾ ਵਿੱਚ ਹੋਰ ਡੇਰਾ ਪੇ੍ਰਮੀਆਂ ਨੂੰ ਵੀ ਨਾਮਜਦ ਕੀਤਾ ਜਾ ਸਕਦਾ ਹੈ। ਕਿਉਂਕਿ ਹੁਣ ਤੱਕ ਐਸਆਈਟੀ ਦੀ ਪੜਤਾਲ ਵਿੱਚ ਸਾਹਮਣੇ ਆਏ ਡੇਰਾ ਪੇ੍ਰਮੀਆਂ ਸੰਨੀ ਕੰਡਾ, ਬਲਜੀਤ ਸਿੰਘ, ਸ਼ਕਤੀ ਸਿੰਘ, ਰਣਜੀਤ ਭੋਲਾ, ਨਿਸ਼ਾਨ ਸਿੰਘ, ਪ੍ਰਦੀਪ ਕੁਮਾਰ ਤੋਂ ਇਲਾਵਾ ਦੋ ਹੋਰ ਡੇਰਾ ਪੇ੍ਰਮੀ ਨਰਿੰਦਰ ਸ਼ਰਮਾ ਅਤੇ ਰਣਦੀਪ ਨੀਲਾ ਵਾਸੀਆਨ ਫਰੀਦਕੋਟ ਵੀ ਉਕਤ ਮਾਮਲੇ ਵਿੱਚ ਜਮਾਨਤ ’ਤੇ ਹਨ। ਹੁਣ ਦੋ ਡੇਰਾ ਪੇ੍ਰਮੀਆਂ ਨੂੰ ਪ੍ਰੋਡਕਸ਼ਨ ਵਰੰਟ ’ਤੇ ਲਿਆਉਣ ਵਾਲੀ ਅਰਜੀ ਦੀ ਸੁਣਵਾਈ ਅਦਾਲਤ ਵਿੱਚ 31 ਮਈ ਨੂੰ ਹੋਵੇਗੀ।