ਚੰਡੀਗੜ੍ਹ : ਪੰਜਾਬ ਖੇਤਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ’ਚ ਵੱਧ ਤੋਂ ਵੱਧ ਤਾਪਮਾਨ ਅੱਜ 42 ਡਿਗਰੀ ਸੈਲਸੀਅਸ ਰਹਿਣ ਨਾਲ ਲੋਕ ਬੇਹਾਲ ਨਜ਼ਰ ਆਏ। ਤਾਪਮਾਨ ਵੱਧਣ ਕਾਰਨ ਘਰਾਂ ਅਤੇ ਦਫ਼ਤਰਾਂ ਦੇ ਬਾਹਰ ਖੜ੍ਹੇ ਵਾਹਨ ਅੱਗ ਦੀ ਤਰ੍ਹਾਂ ਤਪ ਰਹੇ ਹਨ, ਜਿਨ੍ਹਾਂ ਨੂੰ ਹੱਥ ਲਗਾਉਣਾ ਮੁਸ਼ਕਿਲ ਹੋ ਰਿਹਾ ਸੀ। ਗਰਮੀ ਦੇ ਕਾਰਨ ਪਾਣੀ ਦੀਆਂ ਟੈਂਕੀਆਂ ਦਾ ਪਾਣੀ ਇਸ ਤਰ੍ਹਾਂ ਦਾ ਸੀ, ਜਿਸ ਤਰ੍ਹਾਂ ਕਿਸੇ ਨੇ ਉਸ ’ਚ ਗਰਮ ਪਾਣੀ ਕਰਕੇ ਪਾਇਆ ਹੋਵੇ।
ਗਰਮੀ ਦੇ ਕਹਿਰ ਤੋਂ ਬਚਣ ਲਈ ਹਰ ਕੋਈ ਛਾਂ ਅਤੇ ਠੰਡੇ ਪਾਣੀ ਦੀ ਭਾਲ ਵਿੱਚ ਨਜ਼ਰ ਆਏ। ਘੱਟੋ-ਘੱਟ ਤਾਪਮਾਨ 21.4 ਡਿਗਰੀ ਸੈਲਸੀਅਸ ਰਿਹਾ। ਬੀਤੇ ਕੱਲ ਤੋਂ ਅੱਜ 0.4 ਸੈਲਸੀਅਸ ਜ਼ਿਆਦਾ ਰਿਹਾ। ਸਵੇਰ ਸਮੇਂ ਹਵਾ ਵਿੱਚ ਨਮੀ ਦੀ ਮਾਤਰਾ 41 ਫੀਸਦੀ ਅਤੇ ਸ਼ਾਮ ਨੂੰ 13 ਫੀਸਦੀ ਰਿਕਾਰਡ ਕੀਤੀ ਗਈ। ਆਉਣ ਵਾਲੇ 24 ਘੰਟਿਆਂ ਦੌਰਾਨ ਮੌਸਮ ਦਾ ਮਿਜਾਜ਼ ਗਰਮ ਅਤੇ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ।