Saturday, November 23, 2024
 

ਪੰਜਾਬ

ਪ੍ਰਾਈਵੇਟ ਏ.ਸੀ.ਬੱਸ ਨੂੰ ਅਚਾਨਕ ਅੱਗ ਲੱਗ ਗਈ

May 20, 2019 04:04 PM

ਤਪਾ ਮੰਡੀ : ਅੱਜ ਤੜਕੇ ਸਵੇਰੇ 2.30 ਵਜੇ ਦੇ ਕਰੀਬ ਇਥੋਂ 6 ਕਿਲੋਮੀਟਰ ਦੂਰ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਪਿੰਡ ਘੁੰਨਸ ਨੇੜੇ ਘੜਸ਼ਾਨਾ (ਰਾਜਸਥਾਨ) ਤੋਂ ਚੰਡੀਗੜ੍ਹ ਜਾ ਰਹੀ ਰਾਜਸਥਾਨ ਦੀ ਪ੍ਰਾਈਵੇਟ ਏ.ਸੀ.ਬੱਸ ਨੂੰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿਚ ਬੱਸ ਵਿਚ ਸਵਾਰ 4 ਦਰਜਨ ਦੇ ਕਰੀਬ ਲੋਕ ਵਾਲ-ਵਾਲ ਬਚ ਗਏ ਪਰ ਬੱਸ ਸੜ ਕੇ ਸੁਆਹ ਹੋ ਗਈ। 


ਮਿਲੀ ਜਾਣਕਾਰੀ ਅਨੁਸਾਰ ਬੱਸ 'ਚ ਸਫਰ ਕਰ ਰਹੇ ਇੰਦਰਜੀਤ ਸਿੰਘ ਨਾਮਕ ਨੌਜਵਾਨ ਨੇ ਦੱਸਿਆ ਕਿ ਉਹ ਪਿਛਲੀ ਸੀਟ 'ਤੇ ਬੈਠਾ ਸੀ ਅਤੇ ਬੱਸ ਘੜਸ਼ਾਨਾ(ਰਾਜਸਥਾਨ) ਤੋਂ ਚੰਡੀਗੜ੍ਹ ਵਾਇਆ ਲੁਧਿਆਣਾ ਜਾ ਰਹੀ ਸੀ ਜਦ ਬੱਸ ਪਿੰਡ ਘੁੰਨਸ ਨੇੜੇ ਪੁਜੀ ਤਾਂ ਤਾਰ 'ਚੋਂ ਸਪਾਰਕਿੰਗ ਨਿਕਲਦੀ ਦੇਖੀ, ਜਿਸ ਦੀ ਸੂਚਨਾ ਉਸ ਨੇ ਤੁਰੰਤ ਬੱਸ ਡਰਾਇਵਰ ਨੂੰ ਦਿੱਤੀ ਅਤੇ ਸਵਾਰੀਆਂ ਨੂੰ ਹੇਠਾਂ ਉਤਰਨ ਲਈ ਕਿਹਾ। ਸਵਾਰੀਆਂ ਆਪਣਾ ਸਮਾਨ ਛੱਡ ਕੇ ਜਿਵੇਂ ਹੀ ਹੇਠਾਂ ਉਤਰੀਆਂ, ਦੇਖਦੇ ਹੀ ਦੇਖਦੇ ਬੱਸ ਨੂੰ ਅੱਗ ਲੱਗ ਗਈ ਅਤੇ ਅੱਗ ਨੇ ਭਿਆਨਕ ਰੂਪ ਧਾਰ ਲਿਆ।
ਘਟਨਾ ਦਾ ਪਤਾ ਲੱਗਦੇ ਹੀ ਥਾਣਾ ਮੁਖੀ ਤਪਾ ਇੰਸਪੈਕਟਰ ਜਾਨਪਾਲ ਸਿੰਘ ਹੰਝਰਾਂ, ਥਾਣਾ ਮੁਖੀ ਰੂੜੇਕੇ ਗਮਦੂਰ ਸਿੰਘ ਰੰਧਾਵਾ, ਮਿੰਨੀ ਸਹਾਰਾ ਕਲੱਬ ਦੀਆਂ ਐਂਬੂਲੈਂਸਾਂ ਤੋਂ ਇਲਾਵਾ ਪਿੰਡ ਘੁੰਨਸ ਤੋਂ ਸਮਾਜ ਸੇਵੀ ਕਲੱਬ ਦੇ ਅਧਿਕਾਰੀ ਫਾਇਰ ਬ੍ਰਿਗੇਡ ਸਮੇਤ ਮੌਕੇ 'ਤੇ ਪੁੱਜ ਗਏ। ਫਿਲਹਾਲ ਬੱਸ ਦਾ ਕੰਡਕਟਰ ਅਤੇ ਡਰਾਈਵਰ ਮੌਕੇ ਤੋਂ ਫਰਾਰ ਦੱਸੇ ਜਾ ਰਹੇ ਹਨ ਤੇ ਬੱਸ ਵਿਚ ਅੱਗ ਲੱਗਣ ਦਾ ਕਾਰਨ ਸਪਾਰਕਿੰਗ ਦਾ ਹੋਣਾ ਦੱਸਿਆ ਜਾ ਰਿਹਾ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਹ ਰਾਜਸਥਾਨ ਦੀ ਪ੍ਰਾਈਵੇਟ ਬੱਸ ਬਿਨ੍ਹਾਂ ਪਰਮਿਟ ਤੋਂ ਚੱਲਦੀ ਸੀ ਜਿਸ ਦੀ ਪੁਲਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

 

Have something to say? Post your comment

Subscribe