ਮੌਂਟਰੀਅਲ (ਏਜੰਸੀਆਂ) : ਕੈਨੇਡਾ ’ਚ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਸਿੱਖਾਂ ਸਣੇ ਬਗ਼ੈਰ ਦਸਤਾਵੇਜ਼ਾਂ ਵਾਲੇ ਬਹੁਤ ਸਾਰੇ ਪ੍ਰਵਾਸੀਆਂ ਵਲੋਂ ਮੌਂਟਰੀਅਲ ’ਚ ਰੈਲੀ ਕੱਢੀ ਗਈ, ਜਿਸ ਵਿਚ ਸੈਂਕੜੇ ਤੋਂ ਵੱਧ ਪ੍ਰਦਰਸ਼ਨਕਾਰੀ ਸ਼ਾਮਲ ਹੋਏ। ਮੌਂਟਰੀਅਲ ਦੇ ਜੈਰੀ ਪਾਰਕ ਤੋਂ ਸ਼ੁਰੂ ਹੋਈ ਇਹ ਰੈਲੀ ਪਾਰਕ-ਐਕਸਟੈਨਸ਼ਨ ਵਿਚ ਪ੍ਰਧਾਨ ਮੰਤਰੀ ਦੇ ਦਫ਼ਤਰ ਤਕ ਗਈ, ਜਿਸ ਵਿਚ ਸ਼ਾਮਲ ਪ੍ਰਦਰਸ਼ਨਕਾਰੀਆਂ ਨੇ ਫ਼ੈਡਰਲ ਸਰਕਾਰ ਵਲੋਂ ਪਰਮਾਨੈਂਟ ਰੈਜ਼ੀਡੈਂਸੀ ਦੀ ਪੇਸ਼ਕਸ਼ ਕਰਨ ਵਾਲੇ ਨਵੇਂ ਪ੍ਰੋਗਰਾਮ ਦੀ ਜਮ ਕੇ ਨਿੰਦਾ ਕਰਦਿਆਂ ਕਿਹਾ ਕਿ ਬਹੁਤ ਘੱਟ ਵਿਦੇਸ਼ੀ ਕਾਮੇ ਇਸ ਦੇ ਅਧੀਨ ਆਉਂਦੇ ਹਨ, ਜਦਕਿ ਬਹੁਤ ਸਾਰੇ ਪ੍ਰਵਾਸੀਆਂ ਨੂੰ ਇਸ ਦੇ ਘੇਰੇ ’ਚੋਂ ਬਾਹਰ ਰਖਿਆ ਗਿਆ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਫ਼ੈਡਰਲ ਸਰਕਾਰ ਵਲੋਂ ਹੈਲਥਕੇਅਰ ਅਤੇ ਕੁਝ ਹੋਰ ਜ਼ਰੂਰੀ ਨੌਕਰੀਆਂ ਕਰਦੇ ਵਿਦੇਸ਼ੀ ਕਾਮਿਆਂ ਨੂੰ ਪੱਕਾ ਕਾਰਨ ਲਈ 90 ਹਜ਼ਾਰ ਪੀ.ਆਰ. (ਪਰਮਾਨੈਂਟ ਰੈਜ਼ੀਡੈਂਸੀ) ਦੇਣ ਲਈ ਬੀਤੀ 6 ਮਈ ਨੂੰ ਨਵਾਂ ਪ੍ਰੋਗਰਾਮ ਲਾਂਚ ਕੀਤਾ ਸੀ, ਪਰ ਅੱਜ ਪ੍ਰਦਰਸ਼ਨ ਕਰਨ ਵਾਲੇ ਪ੍ਰਵਾਸੀਆਂ ਨੇ ਇਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ’ਚ ਬਹੁਤ ਸਾਰੇ ਪ੍ਰਵਾਸੀਆਂ ਨਾਲ ਮਤਰੇਆਂ ਵਾਲਾ ਸਲੂਕ ਕੀਤਾ ਗਿਆ ਹੈ।