ਚੰਡੀਗੜ੍ਹ : ਕੋਰੋਨਾ ਵਾਇਰਸ ਕਾਰਨ CBSE ਵੱਲੋਂ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਨੂੰ ਰੱਦ ਕਰਨ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਨੂੰ ਮੁਲਤਵੀ ਕਰਨ ਤੋਂ ਬਾਅਦ 12ਵੀਂ ਜਮਾਤ ਦੀ ਪ੍ਰੀਖਿਆ 16 ਜੂਨ ਤੋਂ ਬਾਅਦ ਹੋਣ ਦੀਆਂ ਸੰਭਾਵਨਾਵਾਂ ਵੀ ਪੱਕੀਆਂ ਹੋ ਗਈਆਂ ਹਨ।
ਹਾਲਾਂਕਿ ਪਹਿਲਾਂ ਇਹ ਪ੍ਰੀਖਿਆ 4 ਮਈ ਤੋਂ ਸ਼ੁਰੂ ਹੋਣੀ ਸੀ ਪਰ ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਇਕ ਟਵੀਟ ਕਰਦੇ ਹੋਏ ਕਿਹਾ ਕਿ 1 ਜੂਨ ਨੂੰ ਕੋਰੋਨਾ ਵਾਇਰਸ ਦੇ ਕੇਸਾਂ ਦੀ ਸਮੀਖਿਆ ਕੀਤੀ ਜਾਵੇਗੀ। ਉਸ ਤੋਂ ਉਪਰੰਤ ਨਵੀਂ ਡੇਟਸ਼ੀਟ ਜਾਰੀ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਡੇਟਸ਼ੀਟ ਜਾਰੀ ਕਰਨ ਅਤੇ ਪੇਪਰ ਸ਼ੁਰੂ ਹੋਣ ਵਿਚ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਲਈ 15 ਦਿਨ ਦਾ ਸਮਾਂ ਵੀ ਦਿੱਤਾ ਜਾਵੇਗਾ।
ਪ੍ਰੀਖਿਆਵਾਂ ਦੇਰ ਨਾਲ ਹੋਣ ਕਾਰਨ ਯੂਨੀਵਰਸਿਟੀ ਅਤੇ ਕਾਲਜਾਂ ’ਚ ਦਾਖ਼ਲੇ ਦਾ ਸ਼ਡਿਊਲ ਵੀ ਪ੍ਰਭਾਵਿਤ ਹੋਵੇਗਾ। ਜੇਕਰ ਪ੍ਰੀਖਿਆਵਾਂ 16 ਜੂਨ ਤੋਂ ਸ਼ੁਰੂ ਹੁੰਦੀਆਂ ਹਨ ਤਾਂ ਇਹ ਘੱਟ ਤੋਂ ਘੱਟ 1 ਮਹੀਨਾ ਮਤਲਬ 16 ਜੁਲਾਈ ਤੱਕ ਚੱਲਣਗੀਆਂ। ਉਸ ਤੋਂ ਬਾਅਦ ਪੇਪਰ ਮਾਰਕਿੰਗ ਅਤੇ ਨਤੀਜਾ ਤਿਆਰ ਹੋਵੇਗਾ ਅਤੇ ਇਸ ਦੌਰਾਨ ਜੇਕਰ 31 ਜੁਲਾਈ ਤੱਕ ਨਤੀਜੇ ਆਉਂਦੇ ਹਨ ਤਾਂ ਨਵਾਂ ਸੈਸ਼ਨ 15 ਅਗਸਤ ਤੋਂ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਨਾਲ ਹੀ ਜੋ ਵਿਦਿਆਰਥੀ ਵਿਦੇਸ਼ਾਂ ਵਿਚ ਜਾ ਕੇ ਪੜ੍ਹਾਈ ਕਰਨ ਦੇ ਚਾਹਵਾਨ ਹਨ, ਉਨ੍ਹਾਂ ਦਾ ਸ਼ਡਿਊਲ ਵੀ ਹੁਣ ਪ੍ਰਭਾਵਿਤ ਹੋਵੇਗਾ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੀ. ਬੀ. ਐੱਸ. ਈ. ਨੂੰ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਲਈ ਇਕ ਪੱਤਰ ਲਿਖਿਆ ਗਿਆ ਪਰ ਦੂਜੇ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ, 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਸਬੰਧੀ ਅਜੇ ਦੁਚਿੱਤੀ ਬਣੀ ਹੋਈ ਹੈ। ਹੁਣ ਤੱਕ ਬੋਰਡ ਜਾਂ ਪੰਜਾਬ ਸਰਕਾਰ ਵੱਲੋਂ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਟਾਲਣ ਜਾਂ ਰੱਦ ਕਰਨ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਸਿੱਖਿਆ ਵਿਭਾਗ ਵੱਲੋਂ ਬੋਰਡ ਪ੍ਰੀਖਿਆਵਾਂ ਨੂੰ ਰੱਦ ਨਾ ਕਰਨ ਦੀ ਗੱਲ ਕਹੀ ਜਾ ਰਹੀ ਹੈ।