ਚੰਡੀਗੜ੍ਹ : ਪੰਜਾਬ ਸਰਕਾਰ ਨੇ ਭਾਜਪਾ ਆਗੂ ਤਜਿੰਦਰ ਬੱਗਾ ਨੂੰ ਦਿੱਲੀ ਪੁਲਿਸ ਹਵਾਲੇ ਕੀਤੇ ਜਾਣ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ 'ਤੇ ਹਾਈਕੋਰਟ ਨੇ ਬੱਗਾ ਨੂੰ ਹਰਿਆਣਾ 'ਚ ਰੱਖਣ ਦੀ ਸਰਕਾਰ ਦੀ ਮੰਗ ਨੂੰ ਠੁਕਰਾ ਦਿੱਤਾ ਹੈ, ਜਿਸ ਨਾਲ ਬੱਗਾ ਨੂੰ ਦਿੱਲੀ ਲਿਜਾਉਣ ਦਾ ਰਾਹ ਪੱਧਰਾ ਹੋ ਗਿਆ ਹੈ।
ਹਾਈਕੋਰਟ ਨੇ ਹਰਿਆਣਾ ਅਤੇ ਦਿੱਲੀ ਸਰਕਾਰ ਤੋਂ ਜਾਣਕਾਰੀ ਮੰਗੀ ਹੈ ਕਿ ਕੀ ਪੰਜਾਬ ਪੁਲਿਸ ਨੂੰ ਤਜਿੰਦਰ ਸਿੰਘ ਬੱਗਾ ਨੂੰ ਗ੍ਰਿਫ਼ਤਾਰ ਕਰਨ ਤੋਂ ਰੋਕਿਆ ਗਿਆ ਸੀ, ਅੱਜ ਸ਼ਾਮ ਤੱਕ ਇਸ ਸੰਬੰਧੀ ਜਾਣਕਾਰੀ ਦੇਣ ਦੇ ਹੁਕਮ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਦਿੱਲੀ ਪੁਲਿਸ ਨੇ ਤਜਿੰਦਰ ਬੱਗਾ ਮਾਮਲੇ 'ਚ ਪੰਜਾਬ ਪੁਲਿਸ 'ਤੇ 2 ਕੇਸ ਦਰਜ ਕੀਤੇ ਹਨ। ਪੰਜਾਬ ਪੁਲਿਸ ਦੇ ਵਕੀਲ ਆਰ.ਕੇ. ਰਾਠੌਰ ਨੇ ਦੱਸਿਆ ਕਿ ਪਹਿਲਾ ਕੇਸ ਕਿਡਨੈਪਿੰਗ ਦਾ ਦਰਜ ਕੀਤਾ ਗਿਆ ਹੈ, ਦੂਜਾ ਕੇਸ ਬੱਗਾ ਦੇ ਪਿਤਾ ਦੇ ਬਿਆਨ 'ਤੇ ਮਾਰਕੁੱਟ ਦਾ ਦਰਜ ਕੀਤਾ ਗਿਆ ਹੈ। ਪੰਜਾਬ ਪੁਲਿਸ ਦੇ ਡੀ.ਐੱਸ.ਪੀ. ਸਣੇ 4 ਕਰਮਚਾਰੀਆਂ ਨੂੰ ਦਿੱਲੀ ਪੁਲਿਸ ਨੇ ਡਿਟੇਨ ਕੀਤਾ ਹੈ।