ਚੰਡੀਗੜ੍ਹ : ਜਿਵੇਂ ਕਿ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ ਕਿ ਅੱਜ ਪੰਜਾਬ ਕੈਬਨਿਟ ਦੇ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਜਾਵੇਗੀ। ਪਰ ਇਸ ਤਰ੍ਹਾਂ ਸੱਭ ਕੁੱਝ ਆਸਾਨੀ ਨਾਲ ਨਹੀਂ ਹੋ ਰਿਹਾ । ਦਰਅਸਲ ਕੈਬਨਿਟ ਵਿਚ ਜੋ ਨਵੇਂ ਮੰਤਰੀ ਬਣਾਏ ਜਾ ਰਹੇ ਹਨ ਉਹ ਤਾਂ ਬਹੁਤ ਖ਼ੁਸ਼ ਹਨ ਪਰ ਜਿਨ੍ਹਾਂ ਦੀ ਛਾਂਟੀ ਕੀਤੀ ਗਈ ਹੈ ਉਨ੍ਹਾਂ ਦਾ ਔਖੇ ਹੋਣਾ ਸੁਭਾਵਕ ਹੀ ਹੈ। ਇਸੇ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਦੇ ਅੱਜ ਹੋਣ ਵਾਲੇ ਵਿਸਥਾਰ ਤੋਂ ਪਹਿਲਾਂ ਪੰਜਾਬ ਕਾਂਗਰਸ ਵਿਚ ਰੱਫ਼ੜ ਪੈ ਗਿਆ ਹੈ। ਕੈਪਟਨ ਦੀ ਕੈਬਨਿਟ ਵਿਚ ਸਿਹਤ ਮੰਤਰੀ ਰਹੇ ਬਲਬੀਰ ਸਿੱਧੂ ਨੇ ਕਾਂਗਰਸ ਹਾਈਕਮਾਨ ਦੇ ਫ਼ੈਸਲੇ ’ਤੇ ਸਵਾਲ ਚੁੱਕੇ ਹਨ। ਬਲਬੀਰ ਸਿੱਧੂ ਨੇ ਆਖਿਆ ਹੈ ਕਿ ਪਾਰਟੀ ਨੇ ਸਾਨੂੰ ਜਲੀਲ ਕਰ ਕੇ ਕੱਢਿਆ ਹੈ। ਸਿੱਧੂ ਨੇ ਕਿਹਾ ਕਿ ਹਾਈਕਮਾਨ ਦਾ ਹਰ ਫ਼ੈਸਲਾ ਉਨ੍ਹਾਂ ਨੂੰ ਮਨਜ਼ੂਰ ਹੈ ਪਰ ਉਹ ਹਾਈਕਮਾਨ ਨੂੰ ਪੁੱਛਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਕੱਢਣ ਤੋਂ ਪਹਿਲਾਂ ਉਨ੍ਹਾਂ ਦਾ ਕਸੂਰ ਜ਼ਰੂਰ ਦਸਿਆ ਜਾਵੇ। ਇਸ ਦੌਰਾਨ ਸਿੱਧੂ ਨੇ ਆਪਣੀਆਂ ਉਲਬਧੀਆਂ ਗਿਣਾਉਂਦਿਆਂ ਕਿਹਾ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਮੋਹਾਲੀ ਦਾ ਮੈਡੀਕਲ ਕਾਲਜ ਮਨਜ਼ੂਰ ਹੋ ਗਿਆ ਹੈ ਜਿਸ ਦੀ ਅਪਰੂਵਲ ਵੀ ਆ ਗਈ ਹੈ। ਇਹ ਉਨ੍ਹਾਂ ਦੀ ਸਭ ਤੋਂ ਵੱਡੀ ਉਪਲਬਧੀ ਹੈ।