ਚੰਡੀਗੜ੍ਹ: ਪੰਜਾਬ ਦੇ ਨਵੇਂ ਮੁੱਖ ਮੰਤਰੀ ਦਾ ਅੱਜ ਫ਼ੈਸਲਾ ਹੋਵੇਗਾ ਕਿ ਕੌਣ ਬਣੇਗਾ ਮੁੱਖ ਮੰਤਰੀ, ਕੱਲ੍ਹ ਤੱਕ ਕਾਂਗਰਸ ਵਿਧਾਇਕ ਦਲ ਦੇ ਨਵੇਂ ਨੇਤਾ ਤੇ ਮੁੱਖ ਮੰਤਰੀ ਲਈ ਸੁਨੀਲ ਜਾਖੜ ਦਾ ਨਾਂ ਤੈਅ ਸੀ ਪਰ ਹੁਣ ਹਾਲਾਤ ਬਦਲਦੇ ਨਜ਼ਰ ਆ ਰਹੇ ਹਨ। ਦਰਅਸਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਚਰਚਾ ਵਿੱਚ ਆਉਣ ਲੱਗ ਪਿਆ। ਹਾਲ ਦੀ ਘੜੀ ਸਾਰਿਆਂ ਦੀਆਂ ਨਜ਼ਰਾਂ ਨਵੇਂ ਮੁੱਖ ਮੰਤਰੀ ਲਈ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ 'ਤੇ ਹਨ। ਮੁੱਖ ਮੰਤਰੀ ਬਣਨ ਦੀ ਸੂਚੀ ਵਿਚ ਸੁਨੀਲ ਜਾਖੜ, ਸੁਖਜਿੰਦਰ ਸਿੰਘ ਰੰਧਾਵਾ, ਪ੍ਰਤਾਪ ਸਿੰਘ ਬਾਜਵਾ ਦੇ ਨਾਂ ਸੁਰਖੀਆਂ ਵਿੱਚ ਹਨ। ਸੁਨੀਲ ਜਾਖੜ ਨੂੰ ਸ਼ੁੱਕਰਵਾਰ ਰਾਤ ਨੂੰ ਹੀ ਬੰਗਲੌਰ ਦੌਰੇ ਤੋਂ ਵਾਪਸ ਬੁਲਾ ਲਿਆ ਗਿਆ ਸੀ। ਹਾਲਾਂਕਿ ਉਹ ਵਿਧਾਇਕ ਨਹੀਂ ਹਨ, ਫਿਰ ਵੀ ਉਹ ਦੋਵੇਂ ਕੈਂਪਾਂ ਵਿਚਾਲੇ ਸਹਿਯੋਗੀ ਹਨ। ਨਵਜੋਤ ਸਿੱਧੂ ਤੋਂ ਪਹਿਲਾਂ ਉਹ ਪਹਿਲਾਂ ਸੂਬਾ ਪ੍ਰਧਾਨ ਵੀ ਰਹਿ ਚੁੱਕੇ ਹਨ। ਸੁਖਜਿੰਦਰ ਸਿੰਘ ਰੰਧਾਵਾ ਹੁਣ ਤੱਕ ਨਵਜੋਤ ਸਿੰਘ ਸਿੱਧੂ ਦੇ ਖਾਸ ਮੰਨੇ ਜਾਂਦੇ ਰਹੇ ਹਨ ਤੇ ਕੈਪਟਨ ਖਿਲਾਫ ਆਵਾਜ਼ ਉਠਾਉਣ ਵਾਲਿਆਂ ਵਿੱਚ ਸਭ ਤੋਂ ਵੱਧ ਮੋਹਰੀ ਰਹੇ ਸਨ। ਨਵੇਂ ਮੁੱਖ ਮੰਤਰੀ ਲਈ ਅੰਬਿਕਾ ਸੋਨੀ ਤੇ ਵਿਜੇ ਇੰਦਰ ਸਿੰਗਲਾ ਦੇ ਨਾਵਾਂ ਬਾਰੇ ਵੀ ਚਰਚਾ ਹੈ। ਜੇਕਰ ਬਾਜਵਾ ਦੀ ਗੱਲ ਕਰੀਏ ਤਾਂ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਨੂੰ ਰਾਹੁਲ ਗਾਂਧੀ ਦਾ ਕਰੀਬੀ ਮੰਨਿਆ ਜਾਂਦਾ ਹੈ। ਉਹ ਸੀਨੀਅਰ ਹਨ ਤੇ ਦੋਵੇਂ ਧੜਿਆਂ ਵਿੱਚ ਉਨ੍ਹਾਂ ਨੂੰ ਪ੍ਰਵਾਨ ਕੀਤਾ ਜਾਂਦਾ ਹੈ। ਦਰਅਸਲ ਹਾਈਕਮਾਂਡ ਵਲੋਂ ਸਾਰਿਆਂ ਨੂੰ ਵੇਖਦੇ ਹੋਏ ਕੋਈ ਨਤੀਜਾ ਨਹੀਂ ਨਿਕਲ ਰਿਹਾ ਪਰ ਸੰਭਾਵਨਾ ਹੈ ਕਿ ਨਵਜੋਤ ਸਿੱਧੂ ਬਾਜ਼ੀ ਮਰ ਸਕਦੇ ਹਨ।