ਟੋਰਾਂਟੋ : ਇਸ ਵਕਤ ਕੈਨੇਡਾ ਵਿਚ ਚੋਣਾਂ ਦਾ ਮਾਹੌਲ ਚਲ ਰਿਹਾ ਹੈ ਅਤੇ ਅਜਿਹੇ ਹਾਲਾਤ ਵਿਚ ਘਟ ਗਿਣਤੀਆਂ ਲਈ ਮਾੜੀ ਖ਼ਬਰ ਆਈ ਹੈ। ਦਰਅਸਲ ਸਿੱਖਾਂ ਅਤੇ ਮੁਸਲਮਾਨਾਂ ਦੇ ਹੱਕ ਵਿਚ ਉਠਿਆ ਸਵਾਲ ਕੈਨੇਡਾ ਦੇ ਪ੍ਰਮੁੱਖ ਸਿਆਸਤਦਾਨਾਂ ਨੂੰ ਬਿਲਕੁਲ ਪਸੰਦ ਨਾ ਆਇਆ ਅਤੇ ਉਹ ਇਸ ਨੂੰ ਅਪਮਾਨਜਕ ਦੱਸ ਰਹੇ ਹਨ। ਲਿਬਰਲ ਆਗੂ ਜਸਟਿਨ ਟਰੂਡੋ ਅਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਰਿਨ ਓ ਟੂਲ ਨੇ ਕਿਊਬੈਕ ਵਿਚ ਕੰਮ ਵਾਲੀ ਥਾਂ ’ਤੇ ਪੱਗ ਬੰਨ੍ਹ ਕੇ ਜਾਣ ਅਤੇ ਹਿਜਾਬ ਪਹਿਨਣ ਉਪਰ ਲੱਗੀ ਪਾਬੰਦੀ ਨੂੰ ਅਸਿੱਧੇ ਤੌਰ ’ਤੇ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਕਿਊਬੈਕ ਵਾਸੀਆਂ ਨੂੰ ਨਸਲਵਾਦੀ ਨਹੀਂ ਮੰਨਿਆ ਜਾ ਸਕਦਾ। ਅੰਗਰੇਜ਼ੀ ਭਾਸ਼ਾ ਵਿਚ ਪਹਿਲੀ ਅਤੇ ਆਖਰੀ ਬਹਿਸ ਦੌਰਾਨ ਸੰਚਾਲਕ ਸ਼ਾਚੀ ਕਰਲ ਵਲੋਂ ਬਲਾਕ ਕਿਊਬੈਕ ਦੇ ਆਗੂ ਫ਼ਰਾਂਸਵਾ ਬਲੈਂਚਟ ਨੂੰ ਪੁੱਛਿਆ ਗਿਆ ਸੀ ਕਿ, ਕੀ ਪੁਲਿਸ ਅਫ਼ਸਰਾਂ, ਅਧਿਆਪਕਾਂ, ਸਰਕਾਰੀ ਵਕੀਲਾਂ ਅਤੇ ਹੋਰ ਸਰਕਾਰੀ ਮੁਲਾਜ਼ਮਾਂ ਨੂੰ ਕੰਮ ਵਾਲੀ ਥਾਂ ’ਤੇ ਪੰਗ ਬੰਨ੍ਹਣ ਤੋਂ ਰੋਕਣ ਵਾਲਾ ਬਿਲ 21 ਸਿੱਧੇ ਤੌਰ ’ਤੇ ਨਸਲਵਾਦੀ ਨਹੀਂ? ਸਿਰਫ਼ ਗਰੀਨ ਪਾਰਟੀ ਦੀ ਆਗੂ ਅਨੈਮੀ ਪੌਲ ਹੀ ਸਿੱਖਾਂ ਅਤੇ ਮੁਸਲਮਾਨਾਂ ਦੇ ਹੱਕ ਵਿਚ ਨਿੱਤਰੀ ਅਤੇ ਕਿਹਾ ਕਿ ਪੂਰੇ ਕੈਨੇਡਾ ਵਿਚ ਨਸਲੀ ਆਧਾਰ ’ਤੇ ਵਿਤਕਰਾ ਹੁੰਦਾ ਹੈ। ਚੋਣ ਪ੍ਰਚਾਰ ਲਈ ਹੈਮਿਲਟਨ ਪੁੱਜੇ ਜਸਟਿਨ ਟਰੂਡੋ ਨੇ ਕਿਹਾ ਕਿ ਬਿਲ 21 ਬਾਰੇ ਉਨ੍ਹਾਂ ਦਾ ਸਟੈਂਡ ਸਭ ਜਾਣਦੇ ਹਨ, ਉਹ ਅਜਿਹੇ ਕਿਸੇ ਕਾਨੂੰਨ ਦੇ ਪੱਖ ਵਿਚ ਨਹੀਂ ਪਰ ਕਿਊਬੈਕ ਵਾਸੀਆਂ ਨੂੰ ਨਸਲਵਾਦੀ ਦੱਸਣਾ ਬਿਲਕੁਲ ਗ਼ਲਤ ਹੈ।